
ਜਲੰਧਰ 30 ਮਈ
ਦਕੋਹਾ ਰੇਲਵੇ ਫਾਟਕ ’ਤੇ ਅਵਾਜਾਈ ਦੀ ਸਮੱਸਿਆਂ ਨੂੰ ਹੱਲ ਕਰਨ ਲਈ ਸਭ ਤੋਂ ਵੱਧ ਰੁਝੇਂਵਿਆਂ ਭਰੇ ਇਸ ਫਾਟਕ ’ਤੇ 15 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ ਰੇਲਵੇ ਲਾਈਨਾਂ ਦੇ ਹੇਠਾਂ ਤੋਂ ਵਾਹਨਾਂ ਦੇ ਲੰਘਣ (ਵਾਹਨ ਅੰਡਰਪਾਸ) ਲਈ ਰਾਸਤਾ। ਇਸ ਪ੍ਰੋਜੈਕਟ ਦੀ ਤਜਵੀਜ਼ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪੇਸ਼ ਕੀਤੀ ਗਈ ਅਤੇ ਇਸ ਪ੍ਰੋਜੈਕਟ ਸਬੰਧੀ ਵਿਸਥਾਰ ਵਿੱਚ ਰਿਪੋਰਟ ਅਤੇ ਆਉਣ ਵਾਲਾ ਅਨੁਮਾਨਿਤ ਖ਼ਰਚਾ ਰਾਸ਼ਟਰੀ ਰਾਜ ਮਾਰਗ ਅਥਾਰਟੀ ਭਾਰਤ ਦੇ (ਐਨ.ਐਚ.ਏ.ਆਈ.) ਅਧਿਕਾਰੀਆਂ ਵਲੋਂ ਤਿਆਰ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਨੇ ਦੱਸਿਅ ਕਿ ਦਕੋਹਾ ਰੇਲਵੇ ਫਾਟਕ ਸਭ ਤੋਂ ਵੱਧ ਰੇਲ ਅਵਾਜਾਈ ਅੰਮ੍ਰਿਤਸਰ-ਦਿੱਲੀ ਮਾਰਗ ’ਤੇ ਪੈਂਦਾ ਹੈ ਜਿਸ ਕਰਕੇ ਰੋਜ਼ਾਨਾਂ ਇਥੇ ਵਾਹਨਾਂ ਦੀ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਰੇਲਵੇ ਫਾਟਕ ਤੋਂ ਟਰੇਨ ਵਹੀਕਲ ਯੂਨਿਟ 1 ਲੱਖ ਨੂੰ ਪਾਰ ਕਰ ਗਈ ਹੈ ਜਿਸ ਕਰਕੇ ਇਥੇ ਰੇਲਵੇ ਅੰਡਰ ਬ੍ਰਿਜ/ਰੇਲਵੇ ਓਵਰ ਬ੍ਰਿਜ/ ਰੇਲਵੇ ਲਾਈਨਾਂ ਦੇ ਹੇਠਾਂ ਰਾਸਤਾ ਬਣਾਇਆ ਜਾ ਸਕਦਾ ਹੈ।
ਸ੍ਰੀ ਥੋਰੀ ਨੇ ਦੱਸਿਆ ਕਿ ਜ਼ਿਆਦਾ ਰੇਲ ਗੱਡੀਆਂ ਇਸ ਰਾਸਤੇ ਤੋਂ ਲੰਘਣ ਕਰਕੇ ਜ਼ਿਆਦਾਤਰ ਇਹ ਫਾਟਕ ਬੰਦ ਹੀ ਰਹਿੰਦਾ ਹੈ ਜਿਸ ਕਰਕੇ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਲੱਗ ਜਾਂਦੀਆਂ ਜਿਸ ਕਰਕੇ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਵਾਹਨਾਂ ਦੇ ਜ਼ਿਆਦਾ ਲੰਘਣ ਵਾਲੇ ਸਮੇਂ ਦੌਰਾਨ ਇਹ ਫਾਟਕ ਲੰਬਾ ਸਮਾਂ ਬੰਦ ਰਹਿਣ ਕਰਕੇ ਇਹ ਸਥਾਨ ਐਨ.ਐਚ-44 ’ਤੇ ਜ਼ਿਆਦਾ ਦੁਰਘਟਨਾਵਾਂ ਹੋਣ ਵਾਲੇ ਸਥਾਨ ਵਿੱਚ ਬਦਲ ਜਾਂਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਥੇ ਲੋਕ ਨਿਰਮਾਣ ਵਿਭਾਗ (ਪੀ.ਡਬਲਿਓ.ਡੀ.) ਵਲੋਂ ਵੀ ਸਰਵੇ ਕੀਤਾ ਗਿਆ ਸੀ ਜਿਸ ਨੇ ਸੁਝਾਅ ਦਿੱਤਾ ਕਿ ਐਨ.ਐਚ-44 ਦੇ ਇਹ ਸਥਾਨ ਬਿਲਕੁਲ ਨੇੜੇ ਹੋਣ ਕਰਕੇ ਇਥੇ ਰੇਲਵੇ ਅੰਡਰ ਬ੍ਰਿਜ/ ਰੇਲਵੇ ਓਵਰ ਬ੍ਰਿਜ ਬਣਾਉਣਾ ਸੰਭਵ ਨਹੀਂ ਹੈ ਅਤੇ ਇਥੇ ਵਾਹਨ ਅੰਡਰਪਾਸ ਬਣਾ ਕੇ ਹੀ ਅਵਾਜਾਈ ਸਬੰਧੀ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਐਨ.ਐਚ.ਏ.ਆਈ. ਦੇ ਪ੍ਰੋਜੈਕਟ ਡਾਇਰੈਕਟਰ ਵਰਿੰਦਰ ਸਿੰਘ ਨੇ ਦੱਸਿਆ ਕਿ ਇਸ ਵਾਹਨ ਅੰਡਰ ਪਾਸ ’ਤੇ 15 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਪ੍ਰੋਜੈਕਟ ’ਤੇੇ ਆਉਣ ਵਾਲੇ ਖ਼ਰਚੇ ਸਬੰਧੀ ਵਿਸਥਾਰਿਤ ਰਿਪੋਰਟ ਐਨ.ਐਚ.ਏ.ਆਈ. ਦੇ ਉਚੱ ਅਧਿਕਾਰੀਆਂ ਨੂੰ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰੋਜੈਕਟ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਟੈਂਡਰ ਮੰਗੇ ਜਾਣਗੇ।