ਚੰਡੀਗੜ੍ਹ, 20 ਅਗਸਤ, 2021:ਪੰਜਾਬ ਦੇ ਸਾਬਕਾ ਡੀ.ਜੀ. ਸੁਮੇਧ ਸੈਣੀ ਦੀ ਬੁੱਧਵਾਰ ਨੂੰ ਪੰਜਾਬ ਵਿਜੀਲੈਂਸ ਬਿਓਰੋ ਵੱਲੋਂ ਕੀਤੀ ਗਈ ਗ੍ਰਿਫ਼ਤਾਰੀ ਨੂੰ ਗੈਰ ਕਾਨੂੰਨੀ ਅਤੇ ਅਦਾਲਤੀ ਹੁਕਮਾਂ ਦੇ ਖਿਲਾਫ਼ ਦੱਸਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀਰਵਾਰ ਦੇਰ ਰਾਤ ਸੈਣੀ ਨੂੰ ਰਿਹਾਅ ਕਰਨ ਦੇ ਹੁਕਮ ਸੁਣਾਏ ਜਿਸ ਦੇ ਬਾਅਦ ਮੁਹਾਲੀ ਦੀ ਅਦਾਲਤ ਵੱਲੋਂ ਦੇਰ ਰਾਤ 2 ਵਜੇ ਸੁਮੇਧ ਸੈਣੀ ਨੂੰ ਰਿਹਾਅ ਕਰ ਦਿੱਤਾ ਜਿੱਥੋਂ ਉਹ ਆਪਣੇ ਘਰ ਲਈ ਰਵਾਨਾ ਹੋ ਗਏ।
ਕਈ ਕੇਸਾਂ ਵਿੱਚ ਲੋੜੀਂਦੇ ਸੈਣੀ ਦੇ ਮਾਮਲੇ ਵਿੱਚ ਪੁਲਿਸ ਅਤੇ ਵਿਜੀਲੈਂਸ ਦੀ ਢਿੱਲੀ ਮੱਠੀ ਕਾਰਗੁਜ਼ਾਰੀ ਕਾਰਨ ਸੈਣੀ ਦੀ ਗ੍ਰਿਫ਼ਤਾਰੀ ਵਿੱਚ ਦੇਰੀ ਅਤੇ ਹੁਣ ਗ੍ਰਿਫ਼ਤਾਰੀ ਦੇ ਫ਼ੈਸਲੇ ਨੂੰ ਹਾਈ ਕੋਰਟ ਵੱਲੋਂ ਗੈਰ ਕਾਨੂੰਨੀ ਠਹਿਰਾ ਦਿੱਤੇ ਜਾਣ ਨੂੰ ਪੰਜਾਬ ਪੁਲਿਸ ਅਤੇ ਪੰਜਾਬ ਵਿਜੀਲੈਂਸ ਤੋਂ ਇਲਾਵਾ ਸਰਕਾਰ ਦੀ ‘ਲੀਗਲ ਟੀਮ’ ਲਈ ਇਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਅਤੇ ਹੁਣ ਇਸਤੇ ਇਕ ਵਾਰ ਫ਼ਿਰ ਸਿਆਸਤ ਭਖ਼ਣ ਦੇ ਆਸਾਰ ਬਣ ਗਏ ਹਨ।ਹਾੲਂਕੋਰਟ ਨੇ ਕਿਹਾ ਹੈ ਕਿ ਸੈਣੀ ਦੀ ਗ੍ਰਿਫ਼ਤਾਰੀ ਦੇ ਮਾਮਲੇ ਵਿੱਚ ਹਾਈ ਕੋਰਟ ਦੇ 3 ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ। ਇਹ ਵੀ ਕਿਹਾ ਗਿਆ ਕਿ ਐਫ.ਆਈ.ਆਰ.ਨੰਬਰ 13 ਵਿੱਚ ਸੈਣੀ ਨੂੰ ਜ਼ਮਾਨਤ ਦਿੱਤੀ ਗਈ ਸੀ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਇਕ ਹਫ਼ਤੇ ਦਾ ਨੋਟਿਸ ਦੇਣਾ ਜ਼ਰੂਰੀ ਸੀ ਪਰ ਇਸ ਦੇ ਬਾਵਜੂਦ ਸ਼ਾਮਲ ਤਫ਼ਤੀਸ਼ ਹੋਣ ਪੁੱਜੇ ਸੈਣੀ ਨੂੰ ਐਫ.ਆਈ.ਆਰ. ਨੰਬਰ 11 ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹਾਲਾਂਕਿ ਦੋਵੇਂ ਕੇਸ ਇਕੋ ਜਿਹੇ ਸਨ ਜਿਸ ਕਰਕੇ ਇਹ ਗ੍ਰਿਫ਼ਤਾਰੀ ਨਹੀਂ ਕੀਤੀ ਜਾਣੀ ਚਾਹੀਦੀ ਸੀ।
ਵੀਰਵਾਰ ਰਾਤ ਲਗਪਗ 8.30 ਵਜੇ ਜਿਵੇਂ ਹੀ ਸੈਣੀ ਦੀ ਲੀਗਲ ਟੀਮ ਨੂੰ ਇਹ ਪਤਾ ਲੱਗ ਗਿਆ ਕਿ ਹਾਈਕੋਰਟ ਵੱਲੋਂ ਸੈਣੀ ਦੀ ਗ੍ਰਿਫ਼ਤਾਰੀ ਨੂੰ ਗੈਰਕਾਨੂੰਨੀ ਦੱਸਦਿਆਂ ਰੱਦ ਕਰ ਦਿੱਤੇ ਜਾਣ ਸੰਬੰਧੀ ਕੇਵਲ ਲਿਖ਼ਤੀ ਹੁਕਮਾਂ ਦੇ ਆਉਣ ਦੀ ਹੀ ਦੇਰੀ ਹੈ, ਉਦੋਂ ਹੀ ਸੈਣੀ ਦੀ ਪ੍ਰਾਈਵੇਟ ਕਾਰ ਮੋਹਾਲੀ ਅਦਾਲਤ ਦੇ ਬਾਹਰ ਲਿਆ ਕੇ ਲਗਾ ਦਿੱਤੀ ਗਈ ਸੀ ਤਾਂ ਜੋ ਸੈਣੀ ਦੇ ਰਿਆਹ ਹੁੰਦਿਆਂ ਹੀ ਉਸਨੂੂੰ ਘਰ ਲਿਜਾਇਆ ਜਾ ਸਕੇ। ਪਰ ਇਸ ਵਿੱਚ ਲੰਬਾ ਇੰਤਜ਼ਾਰ ਕਰਨਾ ਪਿਆ ਅਤੇ ਰਾਤ 2 ਵਜੇ ਹੀ ਰਿਹਾਈ ਸੰਭਵ ਹੋ ਸਕੀ।
ਸੈਣੀ ਦੀ ਰਿਹਾਈ ਮਗਰੋਂ ਸੈਣੀ ਦੀ ਲੀਗਲ ਟੀਮ ਨੇ ਗੱਲ ਕਰਦਿਆਂ ਕਿਹਾ ਕਿ ਹਾਈਕੋਰਟ ਨੇ ਇਤਿਹਾਸਕ ਫ਼ੈਸਲਾ ਸੁਣਾਉਂਦਿਆਂ ਨਾ ਕੇਵਲ ਸੈਣੀ ਦੀ ਗੈਰ ਕਾਨੂੰਨੀ ਗ੍ਰਿਫ਼ਤਾਰੀ ਨੂੰ ਰੱਦ ਕਰ ਦਿੱਤਾ ਹੈ ਸਗੋਂ ਅੱਗੇ ਵਾਸਤੇ ਵੀ ਇਹ ਆਗਾਹ ਕੀਤਾ ਹੈ ਕਿ ਸੈਣੀ ਦੀ ਗ੍ਰਿਫ਼ਤਾਰੀ ਲਈ ਹਫ਼ਤੇ ਦਾ ਨੋਟਿਸ ਜ਼ਰੂਰੀ ਹੋਵੇਗਾ।