ਜਲੰਧਰ 13 ਫ਼ਰਵਰੀ : ਸੀ.ਪੀ.ਆਈ. ( ਐਮ. ) ਜ਼ਿਲ੍ਹਾ ਕਮੇਟੀ ਜਲੰਧਰ – ਕਪੂਰਥਲਾ ਦੀ ਇਕ ਅਹਿਮ ਮੀਟਿੰਗ ਅੱਜ ਇੱਥੇ ਪਾਰਟੀ ਹੈੱਡਕੁਆਰਟਰ ਭਾਈ ਰਤਨ ਸਿੰਘ ਯਾਦਗਾਰੀ ਟਰੱਸਟ ਬਿਲਡਿੰਗ ਵਿਖੇ ਹੋਈ ਜਿਸ ਦੀ ਪ੍ਰਧਾਨਗੀ  ਕਾਮਰੇਡ ਗੁਰਚੇਤਨ ਸਿੰਘ ਬਾਸੀ ਨੇ ਕੀਤੀ । ਮੀਟਿੰਗ ਦੇ ਆਰੰਭ ਵਿੱਚ ਪੁਰਾਣੇ ਕਮਿਊਨਿਸਟ ਸਾਥੀਆਂ ਕਾਮਰੇਡ ਬਖਸ਼ੀ ਰਾਮ ਉੱਚਾ ( 90 ) , ਕਾਮਰੇਡ ਅਮਰੀਕ ਸਿੰਘ ਗੁਰਾਇਆ ( 90 ) ਅਤੇ ਕਾਮਰੇਡ ਚਮਨ ਲਾਲ ਜਲੰਧਰ ( 60 )  ਨੂੰ ਇੱਕ  ਮਤੇ ਰਾਹੀਂ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਦੋ ਮਿੰਟ ਵਾਸਤੇ ਮੋਨ ਧਾਰਨ ਕੀਤਾ ਗਿਆ  । ਮੀਟਿੰਗ ਵਾਸਤੇ ਵਿਸ਼ੇਸ਼ ਤੌਰ ਤੇ ਪਹੁੰਚੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਅੱਜ ਦੇ ਰਾਜਨੀਤਕ ਹਾਲਾਤ ਬਾਰੇ ਵਿਸਥਾਰ ਨਾਲ ਬੋਲਦਿਆਂ ਹੋਇਆਂ ਕਿਹਾ ਕਿ ਵਰਤਮਾਨ ਕਿਸਾਨ ਸੰਘਰਸ਼  ਜੋ ਹੁਣ ਲੋਕ ਸੰਘਰਸ਼ ਦਾ ਰੂਪ ਧਾਰਨ ਕਰ ਚੁੱਕਾ ਹੈ ਨੂੰ ਕੁਰਾਹੇ ਪਾਉਣ , ਖਦੇੜਨ , ਇਸ ਵਿੱਚ ਫੁੱਟ ਪਾਉਣ ਅਤੇ ਜ਼ੁਲਮ ਜਬਰ ਨਾਲ ਕੁਚਲਣ ਦੀਆਂ ਮੋਦੀ ਸਰਕਾਰ ਦੀਆਂ ਸਭ ਸਾਜਸ਼ਾਂ ਅਤੇ ਘਿਨਾਉਣੀਆਂ ਚਾਲਾਂ ਬੁਰੀ ਤਰ੍ਹਾਂ ਅਸਫਲ ਹੋ ਚੁੱਕੀਆਂ ਹਨ  ਅਤੇ ਇਹ ਸੰਘਰਸ਼ ਪਹਿਲਾਂ ਨਾਲੋਂ ਵੀ ਵੱਧ ਮਜ਼ਬੂਤ , ਵਿਆਪਕ ਅਤੇ ਵਿਸ਼ਾਲ ਹੋ ਕੇ ਦੇਸ਼ ਵਿਆਪੀ ਸੰਘਰਸ਼ ਬਣ ਚੁੱਕਾ ਹੈ ਅਤੇ ਹਰ ਆਏ ਦਿਨ ਹੋਰ ਤੇ ਹੋਰ ਅੱਗੇ ਵਧ ਰਿਹਾ ਹੈ  । ਕਾਮਰੇਡ ਸੇਖੋਂ ਨੇ ਦੱਸਿਆ ਕਿ ਸੰਯੁਕਤ ਮੋਰਚੇ ਨੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਕੱਲ੍ਹ 12 ਫ਼ਰਵਰੀ ਤੋਂ  ਰਾਜਸਥਾਨ ਵਿਚ ਸਾਰੇ ਟੋਲ ਪਲਾਜ਼ੇ ਖੋਲ੍ਹ ਕੇ  ਫਰੀ ਕਰ ਦਿੱਤੇ ਹਨ । 14 ਫਰਵਰੀ ਨੂੰ ਪੁਲਵਾਮਾ ਹਮਲੇ ਦੇ ਸ਼ਹੀਦ ਜਵਾਨਾਂ ਅਤੇ ਕਿਸਾਨ ਸੰਘਰਸ਼ ਦੇ 230 ਤੋਂ ਵੱਧ ਸ਼ਹੀਦ ਕਿਸਾਨਾਂ ਦੀ ਯਾਦ ਵਿਚ ਸ਼ਾਮ ਨੂੰ ਕੈਂਡਲ ਮਾਰਚ ਕੱਢਣ , 16 ਫਰਵਰੀ ਨੂੰ ਇਤਿਹਾਸਕ ਕਿਸਾਨ ਆਗੂ  ਸਰ ਛੋਟੂ ਰਾਮ ਦੇ ਜਨਮ ਦਿਨ ਤੇ ਉਨ੍ਹਾਂ ਨੂੰ ਯਾਦ ਕਰਨ ਲਈ ਪ੍ਰੋਗਰਾਮ ਉਲੀਕਣ ਅਤੇ 18 ਫਰਵਰੀ ਨੂੰ 12 ਤੋਂ 4 ਵਜੇ ਤੱਕ ਰੇਲ ਆਵਾਜਾਈ ਠੱਪ ਕਰਨ ਦੇ ਦੇਸ਼ ਵਿਆਪੀ ਸੱਦੇ ਦਿੱਤੇ ਹਨ  । ਕਾਮਰੇਡ ਸੇਖੋਂ ਨੇ ਕਿਹਾ ਕਿ ਸੀ.ਪੀ.ਆਈ. ( ਐਮ. ) ਸਮੁੱਚੇ ਦੇਸ਼ ਵਿੱਚ ਹੀ ਇਨ੍ਹਾਂ ਪ੍ਰੋਗਰਾਮਾਂ ਨੂੰ ਸਫਲ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ  । ਉਨ੍ਹਾਂ ਕਿਹਾ ਕਿ 18 ਫ਼ਰਵਰੀ ਨੂੰ ਸਮੁੱਚੇ ਪੰਜਾਬ ਵਿੱਚ ਰੇਲ ਆਵਾਜਾਈ ਮੁਕੰਮਲ ਤੌਰ ਤੇ ਜਾਮ ਕੀਤੀ ਜਾਵੇਗੀ । ਜ਼ਿਲ੍ਹਾ ਸਕੱਤਰ ਕਾਮਰੇਡ ਲਹਿੰਬਰ ਸਿੰਘ ਤੱਗੜ ਨੇ ਇਸ ਮੌਕੇ ਤੇ ਕਿਹਾ ਕਿ 8 ਫਰਵਰੀ ਨੂੰ ਰਾਜ ਸਭਾ ਵਿੱਚ ਅਤੇ  10 ਫਰਵਰੀ ਨੂੰ ਲੋਕ ਸਭਾ ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੋਲ ਰਹੇ ਸਨ ਤਾਂ  ਇਉਂ ਜਾਪਦਾ ਸੀ ਕਿ ਇਹ ਕਿਸੇ ਜਮਹੂਰੀ ਦੇਸ਼ ਦਾ ਚੁਣਿਆ ਹੋਇਆ ਪ੍ਰਧਾਨ ਮੰਤਰੀ ਨਹੀਂ ਸਗੋਂ ਕਿਸੇ ਡਿਕਟੇਟਰਸ਼ਿਪ ਵਾਲੇ ਦੇਸ਼ ਦਾ ਤਾਨਾਸ਼ਾਹ ਬੋਲ ਰਿਹਾ ਹੋਵੇ  । ਉਸ ਵੇਲੇ ਮੋਦੀ ਦੀ ਭਾਸ਼ਾ ਤਰਜ਼ ਸਰੀਰਕ ਬੋਲੀ  ਸਭ ਕੁਝ ਡਿਕਟੇਟਰਾਨਾ ਅੰਦਾਜ਼ ਦੇ ਸਨ  । ਪ੍ਰਧਾਨ ਮੰਤਰੀ ਨੇ ਕਿਸਾਨ ਸੰਘਰਸ਼ ਵਿੱਚ 230 ਤੋਂ ਵੱਧ ਸ਼ਹੀਦ ਹੋਣ ਵਾਲੇ ਕਿਸਾਨ ਦਾ ਜ਼ਿਕਰ ਤਕ ਵੀ ਨਹੀਂ ਕੀਤਾ  । ਮੀਟਿੰਗ ਵਿੱਚ ਹੋਏ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਕਾਮਰੇਡ ਤੱਗੜ ਨੇ ਦੱਸਿਆ ਕਿ ਜ਼ਿਲ੍ਹਾ ਜਲੰਧਰ – ਕਪੂਰਥਲਾ ਵਿੱਚ ਸੰਯੁਕਤ ਮੋਰਚੇ ਵੱਲੋਂ ਦਿੱਤੇ ਗਏ ਉਪਰੋਕਤ ਸਾਰੇ ਐਕਸ਼ਨਾਂ ਨੂੰ ਮੁਕੰਮਲ ਤੌਰ ਤੇ ਸਫ਼ਲ ਕੀਤਾ ਜਾਵੇਗਾ ਅਤੇ  18 ਫਰਵਰੀ ਨੂੰ ਦੋਹਾਂ ਜ਼ਿਲ੍ਹਿਆਂ ਵਿੱਚ ਸਮੁੱਚੀ ਰੇਲਵੇ ਆਵਾਜਾਈ 12 ਤੋਂ 4 ਵਜੇ ਤੱਕ ਠੱਪ ਰੱਖੀ ਜਾਵੇਗੀ  । ਕਾਮਰੇਡ ਤੱਗੜ ਨੇ ਅੱਗੇ ਦੱਸਿਆ ਕਿ ਦੋਹਾਂ ਜ਼ਿਲ੍ਹਿਆਂ ਵਿੱਚ ਪਾਰਟੀ ਮੈਂਬਰਸ਼ਿਪ ਦੇ ਨਵੀਨੀਕਰਨ ਦੀ ਮੁਹਿੰਮ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਮੁਹਿੰਮ ਨੂੰ 28 ਫ਼ਰਵਰੀ ਤੱਕ ਮੁਕੰਮਲ ਕਰਨ ਦਾ ਫ਼ੈਸਲਾ  ਜ਼ਿਲ੍ਹਾ ਕਮੇਟੀ ਨੇ ਕੀਤਾ ਹੈ  । ਇਸੇ ਤਰ੍ਹਾਂ  ਮਾਸਿਕ ‘ ਲੋਕ  ਲਹਿਰ ‘ ਦੇ ਜੀਵਨ ਗਾਹਕ ਬਣਾਉਣ ਅਤੇ ਬਕਾਏ ਉਗਰਾਹੁਣ ਦੀ ਮੁਹਿੰਮ ਵੀ 15 ਮਾਰਚ ਤੱਕ ਹੀ ਪੂਰੀ ਕੀਤੀ ਜਾਵੇਗੀ  । ਮੀਟਿੰਗ ਵਿੱਚ ਕਾਮਰੇਡ ਪ੍ਰਸ਼ੋਤਮ ਬਿਲਗਾ , ਬਚਿੱਤਰ ਤੱਗੜ , ਪ੍ਰਕਾਸ਼ ਕਲੇਰ ,  ਵਰਿੰਦਰਪਾਲ ਕਾਲਾ , ਸੁਖਦੇਵ ਸਿੰਘ ਬਾਸੀ , ਗੁਰਪਰਮਜੀਤ ਕੌਰ ਤੱਗੜ , ਮੂਲ ਚੰਦ ਸਰਹਾਲੀ , ਰਾਮ ਮੂਰਤੀ ਸਿੰਘ , ਸੀਤਲ ਸਿੰਘ ਸੰਘਾ , ਨਰਿੰਦਰ ਜਮਸ਼ੇਰ ਅਤੇ ਹੋਰ ਸਾਥੀਆਂ ਨੇ ਸ਼ਮੂਲੀਅਤ ਕੀਤੀ।