ਫਗਵਾੜਾ 3 ਜੁਲਾਈ (ਸ਼ਿਵ ਕੋੜਾ) ਨਗਰ ਨਿਗਮ ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਵਲੋਂ ਇਕ ਵਾਰ ਫਿਰ ਕਾਰਪੋਰੇਸ਼ਨ ਦੀ ਕਾਰਗੁਜਾਰੀ ਨੂੰ ਸਵਾਲਾਂ ਦੇ ਘੇਰੇ ਵਿਚ ਖੜਾ ਕੀਤਾ ਗਿਆ ਹੈ। ਇਸ ਵਾਰ ਉਹਨਾਂ ਪਾਰਕਾਂ ਵਿਚ ਮਿੱਟੀ ਪਾਉਣ ਦੇ ਮੁੱਦੇ ਦੇ ਹਵਾਲੇ ਨਾਲ ਕਿਹਾ ਕਿ ਕਾਰਪੋਰੇਸ਼ਨ ਵਲੋਂ ਸ਼ਹਿਰ ਦੀਆਂ ਪਾਰਕਾਂ ਵਿਚ ਮਿੱਟੀ ਪਾਉਣ ਦੇ ਠੇਕੇ ਦਿੱਤੇ ਗਏ ਸੀ। ਮਿੱਟੀ ਪਾਉਣ ਦੇ ਵੀਹ-ਵੀਹ ਹਜਾਰ ਰੁਪਏ ਦੇ ਬਿਲ ਪਾਸ ਹੋਣ ਦੇ ਬਾਵਜੂਦ ਹੁਣ ਤਕ ਮਿੱਟੀ ਨਹੀਂ ਪਾਈ ਗਈ ਜਿਸ ਤੋਂ ਇਕ ਹੋਰ ਨਵੇਂ ਘੋਟਾਲੇ ਦਾ ਖਦਸ਼ਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਕੋਈ ਵੀ ਅਧਿਕਾਰੀ ਇਸ ਬਾਰੇ ਕੁੱਝ ਦੱਸਣ ਨੂੰ ਤਿਆਰ ਨਹੀਂ ਹੈ ਅਤੇ ਪਾਰਕਾਂ ਦੀ ਮਾੜੀ ਹਾਲਤ ਨੂੰ ਦੇਖਦੇ ਹੋਏ ਉਹ ਸੂਚਨਾ ਦੇ ਅਧਿਕਾਰ ਤਹਿਤ ਕਾਰਪੋਰੇਸ਼ਨ ਤੋਂ ਜਵਾਬ-ਤਲਬੀ ਕਰਨਗੇ। ਉਹਨਾਂ ਕਿਹਾ ਕਿ ਜਦੋਂ ਵੀ ਉਹ ਕਾਰਪੋਰੇਸ਼ਨ ਦੀ ਕਾਰਗੁਜਾਰੀ ਉਪਰ ਕੋਈ ਸਵਾਲ ਚੁੱਕਦੇ ਹਨ ਤਾਂ ਨਿਗਮ ਕਮੀਸ਼ਨਰ ਰਾਜੀਵ ਵਰਮਾ ਚੁੱਪੀ ਧਾਰ ਲੈਂਦੇ ਹਨ ਜੋ ਕਿ ਹੈਰਾਨ ਕਰਨ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਉਹਨਾਂ ਨੇ ਬਾਈਪਾਸ ਰੋਡ ਤੋਂ ਸਟਰੀਟ ਲਾਈਟਾਂ ਦੇ ਉਤਾਰੇ ਗਏ ਖੰਬਿਆਂ ਨੂੰ ਖੁਰਦ ਬੁਰਦ ਕਰਨ ਦਾ ਮਾਮਲਾ ਚੁੱਕਿਆ, ਸਟਰੀਟ ਲਾਈਟਾਂ ਦੇ ਠੇਕੇ ਇੱਕੋ ਠੇਕੇਦਾਰ ਨੂੰ ਮਹਿੰਗੇ ਭਾਅ ਦੇਣ ਦੀ ਗੱਲ ਕੀਤੀ ਅਤੇ ਅੱਠ ਸੌ ਰੁਪਏ ਵਾਲੀ ਐਲ.ਈ.ਡੀ. ਲਾਈਟ ਠੇਕੇਦਾਰ ਵਲੋਂ ਅਠਾਈ ਸੌ ਰੁਪਏ ਵਿਚ ਖਰੀਦਣ ਦਾ ਮਾਮਲਾ ਵੀ ਚੁੱਕਿਆ ਪਰ ਨਿਗਮ ਕਮੀਸ਼ਨਰ ਰਾਜੀਵ ਵਰਮਾ ਨੇ ਕੋਈ ਸਪਸ਼ਟੀਕਰਣ ਨਹੀਂ ਦਿੱਤਾ ਜਿਸ ਤੋਂ ਸਾਫ ਹੈ ਕਿ ਜੋ ਕੁੱਝ ਵੀ ਹੋ ਰਿਹਾ ਹੈ ਉਹ ਸਭ ਕਮੀਸ਼ਨਰ ਸਾਹਿਬ ਦੇ ‘ਅਸ਼ੀਰਵਾਦ’ ਨਾਲ ਹੀ ਹੋ ਰਿਹਾ ਹੈ। ਇਹੀ ਨਹੀਂ ਪਿਛਲੇ ਦਿਨੀਂ ਜਦੋਂ ਉਹਨਾਂ ਕਾਰਪੋਰੇਸ਼ਨ ਦੀ ਮਾੜੀ ਕਾਰਜ ਪ੍ਰਣਾਲੀ ਕਾਰਨ ਸ਼ਹਿਰ ਕੂੜੇ ਦੇ ਢੇਰ ਵਿਚ ਤਬਦੀਲ ਹੋਣ ਸਬੰਧੀ ਮੁੱਦਾ ਚੁੱਕਿਆ ਤਾਂ ਅੱਧੀ ਰਾਤ ਨੂੰ ਹੀ ਸਾਰੇ ਡੰਪਾਂ ਤੋਂ ਕੂੜਾ ਚੁੱਕ ਲਿਆ ਗਿਆ ਜਦਕਿ ਪਹਿਲਾਂ ਮਸ਼ੀਨਾਂ ਖਰਾਬ ਹੋਣ ਦੀ ਗੱਲ ਕਹੀ ਜਾ ਰਹੀ ਸੀ। ਸਾਬਕਾ ਮੇਅਰ ਖੋਸਲਾ ਨੇ ਕਿਹਾ ਕਿ ਜਨਤਾ ਦੇ ਟੈਕਸ ਦੇ ਪੈਸੇ ਨਾਲ ਭਰਨ ਵਾਲੇ ਨਗਰ ਨਿਗਮ ਦੇ ਖਜਾਨੇ ਨੂੰ ਲੁੱਟਣ ਦੀ ਕੋਈ ਵੀ ਸਾਜਿਸ਼ ਉਹ ਸਫਲ ਨਹੀਂ ਹੋਣ ਦੇਣਗੇ।