ਪ੍ਰਿੰਸੀਪਲ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਲਾਇਲਪੁਰ ਖ਼ਾਲਸਾ ਕਾਲਜ ਦੇ
ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ
ਵਿੱਚ ਕੰਟਰੈਕਟ ਤੇ ਅਧਿਆਪਨ ਕਰਨ ਦਾ ਤਿੰਨ ਸਾਲ ਦਾ ਸਮਾਂ ਪੂਰਾ ਕਰਨ ਵਾਲੇ
ਅਸਿਸਟੈਂਟ ਪ੍ਰੋਫੈਸਰਾਂ ਦੀਆਂ ਸੇਵਾਵਾਂ ਰੈਗੂਲਰ ਕਰਨ ’ਤੇ ਕੈਪਟਨ ਅਮਰਿੰਦਰ
ਸਿੰਘ, ਅਤੇ ਸਮੂਹ ਮੰਤਰੀ ਮੰਡਲ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ ਕਿ
ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅਤੇ ਉਚੇਰੀ ਸਿੱਖਿਆ ਮੰਤਰੀ
ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਉਚੇਰੀ ਸਿੱਖਿਆ ਨੂੰ ਹੁਲਾਰਾ ਦੇਣ ਵਾਲੇ
ਇਸ ਫੈਸਲੇ ਨਾਲ ਜਿੱਥੇ ਲੰਮੇ ਸਮੇਂ ਤੋਂ ਕੰਟਰੈਕਟ ’ਤੇ ਕੰਮ ਕਰਨ ਵਾਲੇ
ਅਸਿਸਟੈਂਟ ਪ੍ਰੋਫੈਸਰਾਂ ਨੂੰ ਲਾਭ ਹੋਇਆ ਹੈ। ਉਥੇ ਇਹਨਾਂ ਕਾਲਜਾਂ ਵਿੱਚ
ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਇਸ ਦਾ ਬਹੁਤ ਫਾਇਦਾ
ਹੋਵੇਗਾ। ਉਹਨਾਂ ਕਿਹਾ ਕਿ ਕਾਲਜਾਂ ਵਿੱਚ ਅਧਿਆਪਕਾਂ ਦੀ ਰੈਗੂਲਰ ਭਰਤੀ ਹੋਣ ਨਾਲ
ਉਚੇਰੀ ਸਿੱਖਿਆ ਦਾ ਮਿਆਰ ਉੱਚ ਹੋਣ ਦੇ ਨਾਲ-ਨਾਲ ਖੋਜ ਦੇ ਖੇਤਰ ਵਿੱਚ ਵੀ
ਸੰਭਾਵਨਾਵਾਂ ਵਧਣਗੀਆਂ। ਪੰਜਾਬ ਵਿੱਚ ਕੰਟਰੈਕਟ ’ਤੇ ਨੌਕਰੀ ਮਿਲਣ ਅਤੇ ਉਚੇਰੀ
ਸਿੱਖਿਆ ਦੇ ਮਿਆਰ ਕਰਕੇ ਜੋ ਬੱਚੇ ਤੇ ਹੋਰ ਪੜ੍ਹੇ ਲੋਕ ਵਿਦੇਸ਼ਾਂ ਵਿੱਚ ਪੜ੍ਹਨ ਅਤੇ
ਸੈਟਲ ਹੋਣ ਲਈ ਜਾ ਰਹੇ ਹਨ, ਸਰਕਾਰ ਦੇ ਇਸ ਸ਼ਲਾਘਾਯੋਗ ਫੈਸਲੇ ਨਾਲ, ਇਸ ਵਿੱਚ ਵੀ
ਕਮੀ ਆਵੇਗੀ। ਉਹਨਾਂ ਕਿਹਾ ਕਿ ਪੰਜਾਬ ਦੀ ਉਚੇਰੀ ਸਿੱਖਿਆ ਨੂੰ ਬਚਾਉਣ ਲਈ
ਅਤੇ ਅੱਗੇ ਉਚੀਆਂ ਪ੍ਰਾਪਤੀਆਂ ਲਈ ਅਜਿਹੇ ਫੈਸਲੇ ਦੀ ਆਸ ਸੀ ਜੋ ਪੂਰੀ ਹੋਈ
ਹੈ। ਪੰਜਾਬ ਸਰਕਾਰ ਨੂੰ ਇਸੇ ਤਰਾਂ ਹੋਰ ਖੇਤਰਾਂ ਵਿੱਚ ਵੀ ਰੈਗੂਲਰ ਭਰਤੀਆਂ ਕਰਕੇ
ਨੌਜਵਾਨਾਂ ਵਿੱਚ ਨਵੀਂ ਰੂਹ ਫੂਕਣੀ ਚਾਹੀਦੀ ਹੈ ਤਾਂ ਕਿ ਪੰਜਾਬ ਹਮੇਸ਼ਾਂ
ਬੁਲੰਦੀਆਂ ’ਤੇ ਰਹੇ। ਉਹਨਾ ਇਸ ਮੌਕੇ ਸਰਕਾਰ ਕੋਲੋ ਛੇਵੇਂ ਪੇ ਕਮਿਸ਼ਨ ਨੂੰ
ਜਲਦੀ ਲਾਗੂ ਕਰਨ ਦੀ ਵੀ ਆਸ ਪ੍ਰਗਟਾਈ।