ਜਲੰਧਰ : ਜਿੱਥੇ ਸਭ ਤੋਂ ਪਹਿਲਾਂ ਕੀਰਤਨ ਕਰਦਿਆਂ ਪੰਜਾਬ ਸਰਕਾਰ ਲਈ “ਕੁਤਾ ਰਾਜ ਬਹਾਲੀਐ ਫਿਰਿ ਚਕੀ ਚਟੇੈ” ਅਤੇ “ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕਉ ਖਾਈ” ਸ਼ਬਦਾਂ ਦਾ ਗਾਇਨ ਕੀਤਾ ਗਿਆ । ਮੌਕੇ ਤੇ ਮੌਜੂਦ ਵਿਧਾਇਕ ਹਰਮਿੰਦਰ ਸਿੰਘ ਗਿੱਲ ਕੋਲੋਂ ਸਿੱਖ ਜਥੇਬੰਦੀਆਂ ਵੱਲੋਂ ਅਲਾਇੰਸ ਦੇ ਸਿਆਸੀ ਮਾਮਲਿਆਂ ਦੇ ਇੰਚਾਰਜ ਸੁਖਦੇਵ ਸਿੰਘ ਫਗਵਾੜਾ ਨੇ ਪੰਜ ਮੁੱਦਿਆਂ ਤੇ ਸਵਾਲ ਪੁੱਛੇ ਜਿਨ੍ਹਾਂ ਸਵਾਲਾਂ ਦਾ ਕੋਈ ਵੀ ਤਸੱਲੀ ਬਖਸ਼ ਜਵਾਬ ਹਰਮਿੰਦਰ ਸਿੰਘ ਗਿੱਲ ਨਹੀਂ ਦੇ ਸਕੇ। ਬਰਗਾੜੀ ਬੇਅਦਬੀ ਕਾਂਡ ਦੇ ਅਸਲ ਦੋਸ਼ੀਆਂ ਅਤੇ ਮਾਸਟਰ ਮਾਈਂਡ ਲੋਕਾਂ ਤੇ ਹੁਣ ਤੱਕ ਕਾਰਵਾਈ ਨਾ ਹੋਣ ਦੇ ਪੁੱਛੇ ਸਵਾਲ ਤੇ ਹਰਮਿੰਦਰ ਸਿੰਘ ਗਿੱਲ ਨੇ ਇਸ ਦਾ ਠੀਕਰਾ ਕੇਂਦਰ ਤੇ ਸੀਬੀਆਈ ਉੱਤੇ ਭੰਨਿਆ ਜਦਕਿ ਉਹ ਇਸ ਗੱਲ ਦਾ ਜਵਾਬ ਨਹੀਂ ਦੇ ਪਾਏ ਕਿ 2017 ਵਿੱਚ ਵਿਧਾਨ ਸਭਾ ਚੋਣਾਂ ਵੇਲੇ ਉਨ੍ਹਾਂ ਨੇ ਬਰਗਾੜੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਾ ਵਾਅਦਾ ਕੀਤਾ ਸੀ ਜਾਂਚ ਤਾਂ ਉਸ ਵਕਤ ਵੀ ਸੀਬੀਆਈ ਕੋਲ ਸੀ ਉਦੋਂ ਕਿਸ ਆਧਾਰ ਤੇ ਵੱਡੇ ਵੱਡੇ ਦਾਅਵੇ ਤੇ ਵਾਅਦੇ ਕੀਤੇ ਸਨ ।

ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੇ ਉੱਤੇ ਵੀ ਉਨ੍ਹਾਂ ਆਪਣੀ ਸਰਕਾਰ ਦੀ ਨਾਕਾਮੀ ਨੂੰ ਮੰਨਿਆ ਕਿ ਗੋਲੀਆਂ ਚਲਾਉਣ ਦੇ ਆਰਡਰ ਦੇਣ ਵਾਲੇ ਲੋਕਾਂ ਤੇ ਅੱਜ ਤੱਕ ਉਨ੍ਹਾਂ ਦੀ ਸਰਕਾਰ ਕੋਈ ਕਾਰਵਾਈ ਨਹੀਂ ਕਰ ਪਾਈ ਇਸ ਲਈ ਉਨ੍ਹਾਂ ਦੀ ਸਰਕਾਰ ਵੀ ਦੋਸ਼ੀ ਹੈ ।ਮੌੜ ਬੰਬ ਧਮਾਕੇ ਅਤੇ 2007 ਤੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਦੇ ਕੇਸ ਤੇ ਕੋਈ ਕਾਰਵਾਈ ਨਾ ਹੋਣ ਤੇ ਵੀ ਉਨ੍ਹਾਂ ਸਰਕਾਰ ਦੀ ਨਾਕਾਮਯਾਬੀ ਨੂੰ ਕਬੂਲਿਆ ।

ਇਸ ਤੋਂ ਇਲਾਵਾ ਉਨ੍ਹਾਂ 1986 ਦੇ ਨਕੋਦਰ ਗੋਲੀ ਕਾਂਡ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਸਬੰਧਤ 4 ਸ਼ਹੀਦ ਨੌਜਵਾਨਾਂ ਦੇ ਪਰਿਵਾਰਾਂ ਨੂੰ ਵੀ ਇਨਸਾਫ਼ ਦਿਵਾਉਣ ਲਈ ਉਨ੍ਹਾਂ ਵੱਲੋਂ ਹਾਲੇ ਤੱਕ ਕੋਈ ਵੀ ਕੋਸ਼ਿਸ਼ ਨਾ ਕੀਤੇ ਜਾਣ ਤੇ ਵੀ ਕੋਈ ਜਵਾਬ ਨਹੀਂ ਦਿੱਤਾ ਜਦਕਿ ਹਰਮਿੰਦਰ ਸਿੰਘ ਗਿੱਲ ਖੁਦ ਲੰਮਾ ਸਮਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਜੁੜੇ ਰਹੇ ਹਨ।ਉਨ੍ਹਾਂ ਕਿਹਾ ਕਿ ਉਹ ਰਹਿੰਦੇ ਸਰਕਾਰ ਦੇ ਕਾਰਜਕਾਲ ਦੌਰਾਨ ਇਸ ਮੁੱਦੇ ਨੂੰ ਵਿਧਾਨ ਸਭਾ ਅਤੇ ਮੁੱਖ ਮੰਤਰੀ ਕੋਲ ਜ਼ਰੂਰ ਚੁੱਕਣਗੇ। ਪੰਥਕ ਜਥੇਬੰਦੀਆਂ ਦੇ ਨੌਜਵਾਨ ਆਗੂਆਂ ਨੇ ਮਹਿਸੂਸ ਕੀਤਾ ਕਿ ਪੰਜਾਬ ਸਰਕਾਰ ਦੇ ਬਹੁਤੇ ਵਿਧਾਇਕ ਅਤੇ ਮੰਤਰੀ ਮੁੱਖ ਮੰਤਰੀ ਅੱਗੇ ਬੇਵੱਸ ਤੇ ਲਾਚਾਰ ਸਾਬਤ ਹੋ ਰਹੇ ਨੇ ਜਦਕਿ ਮੁੱਖ ਮੰਤਰੀ ਖੁਦ ਪਿਛਲੀ ਦੋਸ਼ੀ ਸਰਕਾਰ ਤੇ ਪੁਲੀਸ ਮਹਿਕਮੇ ਵਿੱਚ ਬੈਠੇ ਦੋਸ਼ੀ ਪੁਲੀਸ ਅਫ਼ਸਰਾਂ ਨਾਲ ਮਿਲੇ ਹੋਏ ਹਨ ਜਾਂ ਉਨ੍ਹਾਂ ਦਾ ਮੋਹ ਹਾਲੇ ਵੀ ਮਾਲਵੇ ਵਿੱਚ ਟੁੱਟਵੀਆਂ ਡੇਰਾ ਪ੍ਰੇਮੀਆਂ ਦੀ ਵੋਟਾਂ ਨਾਲ ਖ਼ਤਮ ਨਹੀਂ ਹੋ ਰਿਹਾ ।

ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨਜ਼ ਦੇ ਆਗੂਆਂ ਵੱਲੋਂ ਐਲਾਨ ਕੀਤਾ ਗਿਆ ਕਿ ਹੁਣ ਆਉਂਦੀ 22 ਮਾਰਚ ਨੂੰ ਫ਼ਰੀਦਕੋਟ ਤੋਂ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਅਤੇ 29 ਮਾਰਚ ਨੂੰ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਅਤੇ 5 ਅਪਰੈਲ ਨੂੰ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਘਰ ਦੇ ਬਾਹਰ ਜਾ ਕੇ ਉਨ੍ਹਾਂ ਦੀ ਇਨ੍ਹਾਂ ਮੁੱਦਿਆਂ ਤੇ ਹੁਣ ਤੱਕ ਕੁਝ ਨਾ ਕਰਨ ਕਰਕੇ ਜਵਾਬ ਤਲਬੀ ਕੀਤੀ ਜਾਵੇਗੀ। ਇਸ ਮੌਕੇ ਤੇ ਪਰਮਪਾਲ ਸਿੰਘ ਸਭਰਾ, ਪ੍ਰਦੀਪ ਸਿੰਘ, ਹਰਪ੍ਰੀਤ ਸਿੰਘ ਸੋਢੀ, ਅਮਨਦੀਪ ਸਿੰਘ ,ਗੁਰਸਾਹਿਬ ਸਿੰਘ, ਨਵਜੋਧ ਸਿੰਘ, ਸਰਬਜੀਤ ਸਿੰਘ,ਦਿਲਬਾਗ ਸਿੰਘ ਧਾਰੀਵਾਲ ਜਗਪ੍ਰੀਤ ਸਿੰਘ, ਸੰਦੀਪ ਸਿੰਘ, ਜੁਝਾਰ ਸਿੰਘ ਆਦਿ ਹਾਜ਼ਰ ਸਨ।