ਫਗਵਾੜਾ 16 ਅਗਸਤ (ਸ਼ਿਵ ਕੋੜਾ) ਫਗਵਾੜਾ ਦੇ ਸੀਨੀਅਰ ਸਿਟੀਜਨ ਤੇ ਮਾਸਟਰ ਅਥਲੀਟ ਝਿਰਮਲ ਸਿੰਘ ਭਿੰਡਰ ਨੂੰ ਭਾਰਤ ਦੀ ਆਜਾਦੀ ਦੇ 75ਵੇਂ ਸੁਤੰਤਰਤਾ ਦਿਵਸ ਮੌਕੇ ਆਯੋਜਿਤ ਹੋਏ ਸਰਕਾਰੀ ਸਮਾਗਮ ਦੌਰਾਨ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਐਸ.ਡੀ.ਐਮ. ਫਗਵਾੜਾ ਸ਼ਾਇਰੀ ਮਲਹੋਤਰਾ ਅਤੇ ਏ.ਡੀ.ਸੀ. ਰਾਜੀਵ ਵਰਮਾ ਵਲੋਂ ਸਨਮਾਨਤ ਕਰਦਿਆਂ ਉਹਨਾਂ ਦੇ ਜਿੰਦਗੀ ਪ੍ਰਤੀ ਸਕਾਰਾਤਮਕ ਨਜਰੀਏ ਦੀ ਸ਼ਲਾਘਾ ਕੀਤੀ ਗਈ। ਜਿਕਰਯੋਗ ਹੈ ਕਿ ਝਿਰਮਲ ਸਿੰਘ ਭਿੰਡਰ ਨੇ ਇਸੇ ਸਾਲ 27 ਤੇ 28 ਫਰਵਰੀ ਨੂੰ ਲਵਲੀ ਯੁਨੀਵਰਸਿਟੀ ਵਿਖੇ ਆਯੋਜਿਤ ਸੂਬਾ ਪੱਧਰੀ ਮਾਸਟਰਜ ਅਥਲੈਟਿਕਸ ਚੈਂਪੀਅਨਸ਼ਿਪ ਦੇ 60-65 ਉਮਰ ਵਰਗ ‘ਚ ਹਿੱਸਾ ਲੈਂਦਿਆਂ ਇਕ ਗੋਲਡ, ਇਕ ਸਿਲਵਰ ਅਤੇ ਇਕ ਕਾਂਸੇ ਦਾ ਮੈਡਲ ਜਿੱਤਿਆ ਸੀ। ਉਹਨਾਂ ਨੂੰ ਸਨਮਾਨ ਚਿੰਨ੍ਹ ਅਤੇ ਮਾਣ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ। ਸ੍ਰ. ਭਿੰਡਰ ਨੇ ਆਪਣੇ ਸਨਮਾਨ ਨੂੰ ਲੈ ਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਵਿਧਾਇਕ ਧਾਲੀਵਾਲ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਨਮਾਨ ਅਤੇ ਹੌਸਲਾ ਅਫਜਾਈ ਉਹਨਾਂ ਨੂੰ ਭਵਿੱਖ ਵਿਚ ਹੋਰ ਵੀ ਉਤਸ਼ਾਹ ਨਾਲ ਖੇਡਾਂ ‘ਚ ਨਵੀਂਆਂ ਪ੍ਰਾਪਤੀਆਂ ਕਰਨ ਲਈ ਪ੍ਰੇਰਿਤ ਕਰਨਗੇ। ਉਹਨਾਂ ਇਹ ਵੀ ਕਿਹਾ ਕਿ ਖੇਡਾਂ ਨਾਲ ਜੁੜਨ ਦੀ ਕੋਈ ਤੈਅ ਉਮਰ ਨਹੀਂ ਹੁੰਦੀ। ਇਸ ਨਾਲ ਕੁਦਰਤ ਵਲੋਂ ਵੀ ਸਰੀਰਿਕ ਤੇ ਮਾਨਸਿਕ ਤੰਦਰੁਸਤੀ ਦਾ ਇਨਾਮ ਮਿਲਦਾ ਹੈ।