ਲੁਧਿਆਣਾ :
ਲੁਧਿਆਣਾ ਨਗਰ ਨਿਗਮ ਵਿਚ ਉਸ ਵੇਲੇ ਹੜਕੰਪ ਮੱਚ ਗਿਆ, ਜਦੋਂ ਜੋਨ ਸੀ ਦੀ ਬੀਐਂਡਆਰ ਸ਼ਾਖਾ ਦੇ ਮਿਸਤਰੀ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ। ਇੱਥੇ ਡਰਾ ਦੇਣ ਵਾਲੀ ਗੱਲ ਤਾਂ ਇਹ ਹੈ ਕਿ ਇਹ ਮਿਸਤਰੀ ਪਿਛਲੇ ਕੁਝ ਦਿਨਾਂ ਵਿੱਚ 80 ਤੋਂ ਵੱਧ ਮਜ਼ਦੂਰਾਂ, ਕੌਸਲਰਾਂ ਅਤੇ ਜੇਈ ਤੋਂ ਲੈ ਕੇ ਐਸਈ ਤੱਕ ਕਈ ਅਧਿਕਾਰੀਆਂ ਦੇ ਸੰਪਰਕ ਵਿੱਚ ਆ ਚੁੱਕਾ ਹੈ। ਇਹ ਮਿਸਤਰੀ ਲਗਾਤਾਰ ਆਪਣੀ ਡਿਊਟੀ ਕਰ ਰਿਹਾ ਸੀ, ਪਿਛਲੇ ਕੁਝ ਸਾਲਾਂ ਤੋਂ ਦਿਲ ਦੀ ਬਿਮਾਰੀ ਤੋਂ ਪੀੜਤ ਮਿਸਤਰੀ ਤਿੰਨ ਦਿਨ ਪਹਿਲਾਂ ਆਪਣੀ ਦਿਲ ਦੀ ਬੀਮਾਰੀ ਦੇ ਰੂਟੀਨ ਚੈਕਅੱਪ ਲਈ ਦਯਾਨੰਦ ਹਸਪਤਾਲ ਗਿਆ । ਮਿਸਤਰੀ ਨੂੰ ਕਰੋਨਾ ਦਾ ਕੋਈ ਲੱਛਣ ਨਹੀਂ ਸੀ, ਪਰ ਅਹਿਤਿਆਤ ਵਰਤਦਿਆਂ ਡਾਕਟਰਾਂ ਨੇ ਉਸਦਾ ਕਰੋਨਾ ਟੈਸਟ ਕਰਵਾਇਆ । ਮਿਸਤਰੀ ਦੀ ਰਿਪੋਰਟ ਪਾਜ਼ਟਿਵ ਆਉਣ ਤੇ ਪੂਰੇ ਨਗਰ ਨਿਗਮ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਮਿਸਤਰੀ ਦੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀਆਂ ਦਾ ਜਲਦੀ ਹੀ ਕਰੋਨਾ ਟੈਸਟ ਕਰਵਾਇਆ ਜਾਵੇਗਾ।