
ਜਲੰਧਰ
ਥਾਣਾ ਨੰਬਰ ਚਾਰ ਦੀ ਪੁਲਸ ਨੇ ਇਕ ਅਜਿਹੇ ਐਕਟਿਵਾ ਚੋਰ ਨੂੰ ਕਾਬੂ ਕੀਤਾ, ਜੋ ਜਲੰਧਰ ਤੇ ਅੰਮ੍ਰਿਤਸਰ ਤੋਂ ਐਕਟਿਵਾ ਚੋਰੀ ਕਰਕੇ ਉਨ੍ਹਾਂ ਦੇ ਨੰਬਰ ਬਦਲੀ ਕਰਕੇ ਆਪਣੇ ਹੀ ਜਾਣ ਪਹਿਚਾਣ ਵਾਲਿਆਂ ਨੂੰ ਸਸਤੇ ਭਾਅ ਤੇ ਵੇਚ ਦਿੰਦਾ ਸੀ। ਪੁਲੀਸ ਨੇ ਉਸ ਕੋਲੋਂ 9 ਐਕਟਿਵਾ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ, ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਥਾਣਾ ਨੰਬਰ ਚਾਰ ਦੇ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਨੂੰ ਜਲੰਧਰ ਜਿਊਲਰਜ਼ ਜੀਟੀ ਰੋਡ ਦੇ ਮਾਲਿਕ ਅਸ਼ੀਸ਼ ਚੱਢਾ ਨੇ ਸ਼ਿਕਾਇਤ ਕੀਤੀ ਸੀ, ਉਸ ਨੇ ਆਪਣੀ ਐਕਟਿਵਾ ਨੰ ਪੀ ਬੀ 08 ਡੀ ਐੱਮ 7929 ਆਪਣੀ ਦੁਕਾਨ ਦੇ ਬਾਹਰ ਖੜ੍ਹੀ ਕੀਤੀ ਸੀ। ਜਿੱਥੋਂ ਉਸ ਨੂੰ ਕੋਈ ਚੋਰੀ ਕਰਕੇ ਲੈ ਗਿਆ। ਚੋਰੀ ਦੀ ਉਕਤ ਵਾਰਦਾਤ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਵੀ ਕੈਦ ਹੋ ਗਈ। ਪੁਲੀਸ ਨੇ ਅਸ਼ੀਸ਼ ਚੱਢਾ ਵਾਸੀ ਨਿਊ ਜਵਾਹਰ ਨਗਰ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇੰਸਪੈਕਟਰ ਸੁਖਦੇਵ ਸਿੰਘ ਨੂੰ ਮੁਖ਼ਬਰ ਖਾਸ ਨੇ ਸੂਚਨਾ ਦਿੱਤੀ ਕਿ ਉਕਤ ਚੋਰੀ ਦੀ ਵਾਰਦਾਤ ਬਾਬਾ ਸਾਵਨ ਸਿੰਘ ਨਗਰ ਬਿਆਸ ਦੇ ਰਹਿਣ ਵਾਲੇ ਹਰਦੇਵ ਸਿੰਘ ਵੱਲੋਂ ਕੀਤੀ ਗਈ ਹੈ। ਜਿਸ ਤੇ ਪੁਲੀਸ ਪਾਰਟੀ ਨੇ ਤੁਰੰਤ ਕਾਰਵਾਈ ਕਰਦੇ ਹੋਏ। ਹਰਦੇਵ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਜਦ ਉਸ ਕੋਲੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ, ਤਾਂ ਉਸ ਨੇ ਪੁਲੀਸ ਨੂੰ ਆਪਣੀ ਨਿਸ਼ਾਨਦੇਹੀ ਤੇ ਪੁਲਿਸ ਨੂੰ ਚੋਰੀ ਦੀਆਂ 9 ਐਕਟਿਵਾ ਬਰਾਮਦ ਕਰਵਾ ਦਿੱਤੀਆਂ, ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਵਿਚ ਹਰਦੇਵ ਸਿੰਘ ਨੇ ਦੱਸਿਆ, ਕਿ ਉਹ ਜਲੰਧਰ ਅਤੇ ਅੰਮ੍ਰਿਤਸਰ ਤੋਂ ਐਕਟਿਵਾ ਚੋਰੀ ਕਰਕੇ ਉਨ੍ਹਾਂ ਦੇ ਆਪਸ ਵਿਚ ਨੰਬਰ ਅਦਲਾ ਬਦਲੀ ਕਰਕੇ, ਆਪਣੇ ਜਾਣਕਾਰਾਂ ਨੂੰ ਇਹ ਕਹਿ ਕੇ ਵੇਚ ਦਿੰਦਾ ਸੀ, ਕਿ ਉਹ ਬੈਂਕਾਂ ਵਿੱਚ ਕਿਸ਼ਤਾਂ ਜਮ੍ਹਾ ਨਾ ਕਰਵਾਉਣ ਵਾਲੇ ਲੋਕਾਂ ਦੀਆਂ ਬੈਂਕਾਂ ਵੱਲੋਂ ਜ਼ਬਤ ਕੀਤੀਆਂ ਗਈਆਂ ਐਕਟਿਵਾ ਸਸਤੇ ਭਾਅ ਤੇ ਖਰੀਦਦਾ ਹੈ, ਤੇ ਅੱਗੇ ਆਪਣੇ ਜਾਣਕਾਰਾਂ ਦਾ ਫਾਇਦਾ ਕਰਵਾ ਦਿੰਦਾ ਹੈ।ਉਨ੍ਹਾਂ ਦੱਸਿਆ ਕਿ ਪੁਲੀਸ ਹਰਦੇਵ ਸਿੰਘ ਕੋਲੋਂ ਪੁੱਛਗਿੱਛ ਲਈ ਪੁਲੀਸ ਰਿਮਾਂਡ ਲੈ ਰਹੀ ਹੈ ।ਉਮੀਦ ਹੈ ਕਿ ਇਸ ਦੌਰਾਨ ਚੋਰੀ ਦੀਆਂ ਹੋਰ ਵਾਰਦਾਤਾਂ ਹੱਲ ਹੋਣਗੀਆਂ।