ਜਲੰਧਰ :- ਜ਼ਿਲ੍ਹਾ ਪ੍ਰਸ਼ਾਸਨ ਨੇ ਅੱਜ ਇਲੈਕਸ਼ਨ ਵੈਰੀਫਿਕੇਸ਼ਨ ਪ੍ਰੋਗਰਾਮ (ਈ.ਵੀ.ਪੀ.) ਅਧੀਨ ਵਿਸ਼ੇਸ਼ ਸਰਸਰੀ ਸੁਧਾਈ ਤੋਂ ਬਾਅਦ 9 ਵਿਧਾਨ ਸਭਾ ਹਲਕਿਆਂ ਦੀਆਂ ਅੰਤਿਮ ਵੋਟਰ ਸੂਚੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੌਂਪੀਆਂ। ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੂਚੀਆਂ ਸੌਂਪਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਈ.ਵੀ.ਪੀ. ਅਧੀਨ ਜ਼ਿਲ੍ਹੇ ਵਿਚ ਸਮੁੱਚੀ ਪ੍ਰਕਿਰਿਆ ਪੂਰੀ ਤਰ੍ਹਾਂ ਮੁਕੰਮਲ ਕਰਨ ਤੋਂ ਬਾਅਦ ਭਾਰਤੀ ਚੋਣ ਕਮਿਸ਼ਨ ਵੱਲੋਂ ਸੂਚੀਆਂ ਤਿਆਰ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਜਦੋਂ ਡ੍ਰਾਫਟ ਇਲੈਕਟੋਰਲ (ਡਰਾਫਟ ਵੋਟਰ ਸੂਚੀ) ਪ੍ਰਕਾਸ਼ਿਤ ਹੋਇਆ ਸੀ, ਜਲੰਧਰ ਵਿਚ 16,01,523 ਵੋਟਰ ਸਨ ਅਤੇ ਹੁਣ ਈ.ਵੀ.ਪੀ. ਦੇ ਮੁਕੰਮਲ ਹੋਣ ਤੋਂ ਬਾਅਦ ਜਲੰਧਰ ਵਿਚ 16,21,161 ਵੋਟਰ ਹਨ, ਜਿਸ ਪਤਾ ਲੱਗਦਾ ਹੈ ਕਿ ਕੁੱਲ 19638 ਨਵੇਂ ਵੋਟਰ ਰਜਿਸਟਰ ਹੋਏ ਹਨ। ਕੁੱਲ 16,21,161 ਵੋਟਰਾਂ ਵਿੱਚ 844619 ਪੁਰਸ਼, 776516 ਮਹਿਲਾ ਅਤੇ 26 ਤੀਜਾ ਲਿੰਗ ਵੋਟਰ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਇਹ ਸੂਚੀਆਂ ਜ਼ਿਲ੍ਹਾ ਚੋਣ ਦਫ਼ਤਰ, ਈ.ਆਰ.ਓਜ਼ ਦੇ ਦਫ਼ਤਰਾਂ ਅਤੇ ਇਥੋਂ ਤਕ ਕਿ ਸਬੰਧਤ ਪੋਲਿੰਗ ਬੂਥਾਂ ‘ਤੇ ਬੂਥ ਲੈਵਲ ਅਫ਼ਸਰਾਂ ਪਾਸ ਵੀ ਉਪਲਬਧ ਹਨ ਅਤੇ ਵੈੱਬਸਾਈਟ ceopunjab.nic.in ‘ਤੇ ਵੀ ਵੇਖੀਆਂ ਜਾ ਸਕਦੀਆਂ ਹਨ।
ਜ਼ਿਕਰਯੋਗ ਹੈ ਕਿ ਹਰ ਯੋਗ ਨਾਗਰਿਕ ਦੇਸ਼ ਦੀ ਲੋਕਤੰਤਰੀ ਪ੍ਰਕਿਰਿਆ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲੈ ਸਕੇ, ਇਸ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ ਭਾਰਤੀ ਚੋਣ ਕਮਿਸ਼ਨ ਵਲੋਂ ਈ.ਵੀ.ਪੀ. ਤਹਿਤ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਐਲਾਨ ਕੀਤਾ ਗਿਆ ਸੀ। ਡਿਪਟੀ ਕਮਿਸ਼ਨਰ ਜਲੰਧਰ ਘਨਸ਼ਿਆਮ ਥੋਰੀ ਦੀ ਅਗਵਾਈ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਕੰਮ ਨੂੰ ਤਰਜੀਹੀ ਅਧਾਰ ‘ਤੇ ਮੁਕੰਮਲ ਕੀਤਾ। ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਦਾਅਵੇ ਅਤੇ ਇਤਰਾਜ਼ 16 ਨਵੰਬਰ ਤੋਂ 15 ਦਸੰਬਰ ਤੱਕ ਸਬੰਧਿਤ ਪੋਲਿੰਗ ਬੂਥਾਂ ਜਾਂ ਚੋਣਕਾਰ/ਸਹਾਇਕ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਵਲੋਂ ਪ੍ਰਾਪਤ ਕੀਤੇ ਗਏ ਸਨ। ਇਸੇ ਤਰ੍ਹਾਂ 5 ਜਨਵਰੀ ਨੂੰ ਦਾਅਵਿਆਂ ਅਤੇ ਇਤਰਾਜ਼ਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਈ.ਵੀ.ਪੀ. ਤਹਿਤ ਡਾਟਾ ਅਪਡੇਟ ਕੀਤਾ ਗਿਆ।
ਇਸ ਮੌਕੇ ਚੋਣ ਕਾਨੂੰਨਗੋ ਰਾਕੇਸ਼ ਕੁਮਾਰ ਅਤੇ ਹੋਰ ਵੀ ਮੌਜੂਦ ਸਨ।