ਫਗਵਾੜਾ 18 ਜਨਵਰੀ (ਸ਼ਿਵ ਕੋੜਾ) ਪੰਜਾਬ ਦੇ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਕਿਸਾਨ ਅੰਦੋਲਨ ਨਾਲ ਜੁੜੇ ਆਗੂਆਂ ਅਤੇ ਸਮਰਥਕਾਂ ਨੂੰ ਕੇਂਦਰੀ ਏਜੰਸੀ ਐਨ.ਆਈ.ਏ. ਵਲੋਂ ਜਾਰੀ ਕੀਤੇ ਨੋਟਿਸਾਂ ਨੂੰ ਕਿਸਾਨੀ ਅੰਦੋਲਨ ਨੂੰ ਦਬਾਉਣ ਦੀ ਮੋਦੀ ਸਰਕਾਰ ਦੀ ਇਕ ਹੋਰ ਸਾਜਿਸ਼ ਕਰਾਰ ਦਿੱਤਾ ਹੈ। ਅੱਜ ਇੱਥੇ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਮੋਦੀ ਸਰਕਾਰ ਜਬਰ ਨਾਲ ਲੋਕਤੰਤਰ ਦਾ ਘਾਣ ਕਰਨ ‘ਤੇ ਉਤਾਰੂ ਹੈ ਜਿਸਨੂੰ ਬਰਦਾਸ਼ਤ ਨਹੀ ਕੀਤਾ ਜਾ ਸਕਦਾ। ਉਹਨਾਂ ਮੋਦੀ ਸਰਕਾਰ ਉੱਪਰ ਨੋਟਬੰਦੀ ਤੋਂ ਲੈ ਕੇ ਕਥਿਤ ਕਿਸਾਨ ਵਿਰੋਧੀ ਕਾਨੂੰਨ ਪਾਸ ਕਰਨ ਤੱਕ ਲੋਕਤੰਤਰ ਦਾ ਕਤਲ ਕਰਨ ਦਾ ਵੀ ਦੋਸ਼ ਲਾਇਆ ਅਤੇ ਕਿਹਾ ਕਿ ਦੇਸ਼ ਦੇ ਬਹਾਦਰ, ਮਿਹਨਤਕਸ਼ ਅਤੇ ਸਿਰੜੀ ਕਿਸਾਨ ਨੇ ਭਾਰਤ ਨੂੰ ਆਤਮ ਨਿਰਭਰ ਬਨਾਉਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਕੇਂਦਰ ਦੇ ਹੰਕਾਰੀ ਰਵੱਈਏ ਕਾਰਨ ਹੱਡ ਚੀਰਵੀ ਠੰਡ ਵਿਚ ਸੜਕਾਂ ਉਪਰ ਸੋਣ ਲਈ ਕਿਸਾਨ ਮਜਬੂਰ ਹੈ। ਕੇਂਦਰ ਸਰਕਾਰ ਨੇ ਕਿਸਾਨਾ ਨਾਲ ਗੱਲਬਾਤ ਕਰਨ ਦੀ ਬਜਾਏ ਅੰਦੋਲਨ ਨੂੰ ਲੰਬਾ ਖਿੱਚ ਕੇ ਕਮਜੋਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹੁਣ ਨੋਟਿਸ ਭੇਜ ਕੇ ਆਗੂਆਂ ਨੂੰ ਡਰਾਇਆ ਜਾ ਰਿਹਾ ਹੈ। ਮਾਨ ਨੇ ਕਿਹਾ ਕਿ ਕੇਂਦਰੀ ਏਜੰਸੀਆਂ ਵਿਚ ਆਮਦਨ ਕਰ ਵਿਭਾਗ, ਈ.ਡੀ., ਐਨ.ਆਈ.ਏ. ਆਦਿ ਰਾਹੀ ਕਿਸਾਨਾ ਨੂੰ ਡਰਾਉਣ ਦੀ ਸਾਜਿਸ਼ ਵੀ ਆਖਿਰਕਾਰ ਨਾਕਾਮ ਹੀ ਹੋਵੇਗੀ ਕਿਉਂਕਿ ਇਹ ਲੋਕਤੰਤਰ ਦੇ ਆਦਰਸ਼ਾਂ ਦੇ ਖਿਲਾਫ ਹੈ। ਕੇਂਦਰ ਦੀਆਂ ਚਾਲਾਂ ਅੱਗੇ ਕਿਸਾਨ ਨਹੀ ਝੁਕੇਗਾ। ਕਿਸਾਨ ਵਿਰੋਧੀ ਬਿਲਾਂ ਦੇ ਰੱਦ ਹੋਣ ਦੇ ਬਾਅਦ ਹੀ ਅੰਦੋਲਨ ਖਤਮ ਹੋਵੇਗਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਸ੍ਰੀਮਤੀ ਸੋਨੀਆ ਗਾਂਧੀ ਦੀ ਅਗਵਾਈ ਹੇਠ ਰਾਸ਼ਟਰੀ ਕਾਂਗਰਸ ਪਾਰਟੀ ਕਿਸਾਨਾ ਦੇ ਅੰਦੋਲਨ ਵਿਚ ਚੱਟਾਨ ਵਾਂਗੁ ਡਟ ਕੇ ਖੜੀ ਹੈ