ਫਗਵਾੜਾ 18 ਜਨਵਰੀ (ਸ਼ਿਵ ਕੋੜਾ) ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਦੇ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾ ਸਦਕਾ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਇਸਤੇਮਾਲ ਕੀਤੇ ਹੋਏ ਪੁਰਾਣੇ ਗਰਮ ਕਪੜਿਆਂ ਦਾ ਇਕ ਟੈਂਪੂ ਗੂੰਜ ਸੰਸਥਾ ਦੇ ਜਲੰਧਰ ਦਫਤਰ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਗੂੰਜ ਸੰਸਥਾ ਇਹਨਾਂ ਇਕੱਤਰ ਕੀਤੇ ਬਸਤਰਾਂ ਨੂੰ ਦਿੱਲੀ ਦਫਤਰ ਭੇਜਦੀ ਹੈ ਜਿੱਥੇ ਜਰੂਰੀ ਮੁਰੰਮਤ ਤੋਂ ਬਾਅਦ ਧੋਣ ਉਪਰੰਤ ਪ੍ਰੈਸ ਕਰਕੇ ਇਹਨਾਂ ਕਪੜਿਆਂ ਨੂੰ ਨਵੇਕਲਾ ਰੂਪ ਦਿੱਤਾ ਜਾਂਦਾ ਹੈ ਅਤੇ ਫਿਰ ਦੇਸ਼ ਦੇ ਦੂਰ ਦੁਰਾਢੇ ਪਹਾੜੀ ਇਲਾਕਿਆਂ ‘ਚ ਲੋੜਵੰਦਾਂ ਨੂੰ ਵੰਡਿਆ ਜਾਂਦਾ ਹੈ। ਸਾਲ ਵਿਚ ਦੋ ਵਾਰ ਮੌਸਮ ਅਨੁਸਾਰ ਗਰਮੀ ਜਾਂ ਸਰਦੀ ‘ਚ ਪਾਉਣ ਯੋਗ ਕਪੜੇ ਭੇਜੇ ਜਾਂਦੇ ਹਨ। ਇਸ ਨੇਕ ਕਾਰਜ ਵਿਚ ਐਸ.ਐਸ. ਜੈਨ ਸਭਾ, ਸ਼ਿਵ ਲੋਕ ਸਾਧਨਾ ਬੰਗਾ ਰੋਡ ਅਤੇ ਇੰਨਰਵ੍ਹੀਲ ਕਲੱਬਾਂ ਦਾ ਹਮੇਸ਼ਾ ਵਢਮੁੱਲਾ ਯੋਗਦਾਨ ਪ੍ਰਾਪਤ ਹੁੰਦਾ ਹੈ। ਇਸ ਮੌਕੇ ਨਰੇਸ਼ ਕੁਮਾਰ, ਮੋਹਨ ਲਾਲ ਤਨੇਜਾ, ਸੰਦੀਪ ਕੌਰ, ਵਿੱਕੀ ਜੋਸ਼ੀ, ਕੀਮਤੀ ਲਾਲ ਜੈਨ ਅਤੇ ਚੰਦਰ ਮੋਹਨ ਸੁਧੀਰ ਆਦਿ ਹਾਜਰ ਸਨ।