ਜਲੰਧਰ 19 ਜਨਵਰੀ 2021
ਪੰਜਾਬ ਸਰਕਾਰ ਵਲੋਂ ਸੂਬੇ ਦੇ ਕਿਸਾਨਾਂ ਦੀ ਖੇਤੀ ਆਮਦਨ ਨੂੰ ਵਧਾ ਕੇ ਉਨਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਲਿਆਉਣ ਦੀ ਵਚਨਬੱਧਤਾ ਤਹਿਤ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੱਖ-ਵੱਖ ਵਿਭਾਗਾਂ ਦੇ ਰਾਹੀਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸੇ ਕੜੀ ਨੂੰ ਅੱਗੇ ਤੋਰਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਫਾਰਮ ਸਲਾਹਕਾਰ ਕੇਂਦਰ ਜਲੰਧਰ ਵਲੋਂ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ 11 ਤੋਂ 19 ਜਨਵਰੀ ਤੱਕ ਮਧੂ ਮੱਖੀ ਪਾਲਣ ਸਿਖਲਾਈ ਕੋਰਸ ਕਰਵਾਇਆ ਗਿਆ। ਬਾਗ਼ਬਾਨੀ ਵਿਭਾਗ ਵਲੋਂ ਮਧੂ ਮੱਖੀ ਪਾਲਣ ਕੋਰਸ ਦੇ ਅੱਜ ਸਮਾਪਤੀ ਮੌਕੇ ਸਿੱਖਿਆਰਥੀਆਂ ਨਾਲ ਰੂਬਰੂ ਹੁੰਦਿਆਂ ਸਹਾਇਕ ਡਾਇਰੈਕਟਰ ਬਾਗ਼ਬਾਨੀ ਜਲੰਧਰ ਡਾ.ਭਜਨ ਸਿੰਘ ਸੈਣੀ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਦੀ ਅਗਵਾਈ ਹੇਠ ਬਾਗਬਾਨੀ ਵਿਭਾਗ ਵਲੋਂ ਕਿਸਾਨਾਂ ਨੂੰ ਖੇਤੀ ਆਮਦਨ ਵਧਾਉਣ ਲਈ ਖੇਤੀਬਾੜੀ ਨਾਲ ਸਹਾਇਕ ਧੰਦਿਆਂ ਨੂੰ ਵੀ ਅਪਣਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਨਾਲ ਜੁੜਵੇਂ ਸਹਾਇਕ ਧੰਦਿਆਂ ਨੂੰ ਅਪਣਾਉਣ ਨਾਲ ਜਿਥੇ ਕਿਸਾਨਾਂ ਦੀ ਆਰਥਿਕ ਸਥਿਤੀ ਵਿੱਚ ਸੁਧਾਰ ਆਵੇਗਾ ਉਥੇ ਹੀ ਸੂਬਾ ਅਤੇ ਦੇਸ਼ ਦੀ ਖੁਸ਼ਹਾਲੀ ਵਿੱਚ ਨਵੀਂਆਂ ਬੁਲੰਦੀਆਂ ਨੂੰ ਹਾਸਿਲ ਕੀਤਾ ਜਾ ਸਕੇਗਾ।  ਉਨ੍ਹਾਂ ਸਿਖਿਆਰਥੀਆਂ ਨੂੰ ਨੈਸ਼ਨਲ ਬੀ-ਬੋਰਡ ਨਾਲ ਰਜਿਸਟਰਡ ਹੋ ਕੇ ਵੱਖ-ਵੱਖ ਸਕੀਮਾਂ ਤੋਂ ਵਿੱਤੀ ਲਾਭ ਲੈਣ ਬਾਰੇ ਵੀ ਪ੍ਰੇਰਿਤ ਕੀਤਾ। ਉਨ੍ਹਾਂ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਪੰਜਾਬ ਸਰਕਾਰ ਵਲੋਂ ਖੇਤੀਬਾੜੀ ਨੂੰ ਲਾਹੇਵੰਦ ਬਣਾਉਣ ਲਈ ਕਰਵਾਏ ਜਾਂਦੇ ਵੱਖ-ਵੱਖ ਸਿਖਲਾਈ ਕੋਰਸਾਂ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ। ਸਹਾਇਕ ਡਾਇਰੈਕਟਰ ਬਾਗ਼ਬਾਨੀ ਨੇ ਅੱਗੇ ਦੱਸਿਆ ਕਿ ਮੱਧੂ ਮੱਖੀ ਪਾਲਣ  ਕੋਰਸ ਦੌਰਾਨ ਡਾ.ਸੰਜੀਵ ਕੂਮਾਰ ਕਟਾਰੀਆ ਅਤੇ ਡਾ.ਰਿੂਤੂ ਰਾਜ ਵਲੋਂ ਇਸ ਧੰਦੇ ਦੀ ਸ਼ੁਰੂਆਤ ਲਈ ਲੋੜੀਂਦੇ ਸਾਜੋ ਸਮਾਨ ,ਵੱਖ-ਵੱਖ ਮੌਸਮਾਂ ਵਿੱਚ ਮੱਧੂ ਮੱਖੀਆਂ ਦੀ ਸੰਭਾਲ, ਮੱਧੂ ਮੱਖੀ  ਪਾਲਣ ’ਤੇ ਹੋਣ ਵਾਲੇ ਮੁਨਾਫ਼ੇ ਅਤੇ ਉਸ ਤੋਂ ਤਿਆਰ ਹੋਣ ਵਾਲੀਆਂ ਵਸਤੂਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਮੁਹੱਈਆ ਕਰਵਾਈ ਗਈ  ਸਮਾਪਤੀ ਸਮਾਰੋਹ ਮੌਕੇ ਡਾ. ਸੁਖਦੀਪ ਸਿੰਘ ਹੁੰਦਲ ਸਹਾਇਕ ਡਾਇਰੈਕਰ ਬਾਗ਼ਬਾਨੀ (ਖੁੰਬ)  ਜਲੰਧਰ ਵਲੋਂ ਐਨ.ਐਚ.ਐਮ. ਅਧੀਨ ਬਾਗ਼ਬਾਨੀ ਵਲੋਂ ਇਸ ਕਿੱਤੇ ਅਧੀਨ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਤੋਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਮੁਹੱਈਆ ਕਰਵਾਈ ਗਈ। ਇਸ ਮੌਕੇ ਡਾ. ਪ੍ਰਿਤਪਾਲ ਸਿੰਘ ਬਾਠ ਬਾਗ਼ਬਾਨੀ ਵਿਕਾਸ ਅਫ਼ਸਰ ਵਲੋਂ ਆਏ ਹੋਏ ਮਾਹਿਰਾਂ ਅਤੇ ਸਿੱਖਿਆਰਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਿੰਖਿਆ ਵਿਚਕਾਰ ਮੱਧੂ ਮੱਖੀ ਪਾਲਣ ਬਾਰੇ ਸਾਹਿਤ ਵੀ ਵੰਡਿਆ ਗਿਆ।  ਇਸ ਮੌਕੇ ਸਿੱਖਿਆਰਥੀ ਮਨੀਸ਼ ਪਾਲ, ਸੁਖਦੇਵ ਸਿੰਘ ਅਤੇ ਵਿਜੈ ਕੁਮਾਰ ਵਲੋਂ ਇਸ ਸਿਖਲਾਈ ਪ੍ਰੋਗਰਾਮ ਨੂੰ ਅਗਾਂਹ ਵਧੂ ਉਪਰਾਲਾ ਦੱਸਦਿਆਂ ਜਿਥੇ ਵਿਭਾਗ ਦੀ ਭਰਪੂਰ ਸ਼ਲਾਘਾ ਕੀਤੀ ਗਈ ਉਥੇ ਹੀ ਕਿਹਾ ਕਿ ਇਹ ਸਿਖਲਾਈ ਪ੍ਰੋਗਰਾਮ ਉਨ੍ਹਾਂ ਦੀ ਖੇਤੀ ਆਮਦਨ ਨੂੰ ਵਧਾਉਣ ਲਈ ਬਹੁਤ ਸਹਾਈ ਸਿੱਧ ਹੋਵੇਗਾ। ਉਨ੍ਹਾਂ  ਵਲੋਂ ਮੱਧੂ ਮੱਖੀ ਪਾਲਕਾਂ ਦਾ ਸਮੂਹ ਬਣਾ ਕੇ ਇਸ ਧੰਦੇ ਦੀ ਸ਼ੁਰੂਆਤ ਕਰਨ ਦਾ ਵਾਅਦਾ ਵੀ ਕੀਤਾ ਗਿਆ।