ਫਗਵਾੜਾ 28 ਜਨਵਰੀ (ਸ਼ਿਵ ਕੋੜਾ) ਆਲ ਇੰਡੀਆ ਐਂਟੀ ਕੁਰੱਪਸ਼ਨ ਫੋਰਮ ਦੀ ਫਗਵਾੜਾ ਸ਼ਾਖਾ ਵਲੋਂ 36ਵਾਂ ਮਹੀਨਾਵਾਰ ਰਾਸ਼ਨ ਵੰਡ ਸਮਾਗਮ ਫੋਰਮ ਦੇ ਨਿਉ ਮੰਡੀ ਰੋਡ ਸਥਿਤ ਦਫਤਰ ਵਿਖੇ ਪ੍ਰਧਾਨ ਗੁਰਦੀਪ ਸਿੰਘ ਕੰਗ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਜਿਸ ਵਿਚ ਬਤੌਰ ਮੁੱਖ ਮਹਿਮਾਨ ਫਗਵਾੜਾ ਦੇ ਨਵ ਨਿਯੁਕਤ ਐਸ.ਪੀ. ਸਰਵਜੀਤ ਸਿੰਘ ਬਾਹੀਆ ਨੇ ਸ਼ਿਰਕਤ ਕੀਤੀ ਅਤੇ ਰਾਸ਼ਨ ਵੰਡਣ ਦੀ ਰਸਮ ਦਾ ਸ਼ੁੱਭ ਆਰੰਭ ਕਰਵਾਇਆ। ਇਸ ਦੌਰਾਨ ਉਹਨਾਂ ਗੁਰਦੀਪ ਸਿੰਘ ਕੰਗ ਅਤੇ ਉਹਨਾਂ ਦੀ ਟੀਮ ਵਲੋਂ ਸਮਾਜ ਸੇਵਾ ਵਿਚ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਗੁਰਦੀਪ ਸਿੰਘ ਕੰਗ ਵਰਗੇ ਨੌਜਵਾਨ ਸਮਾਜ ਸੇਵਕ ਤੋਂ ਸੇਧ ਲੈਣੀ ਚਾਹੀਦੀ ਹੈ ਕਿਉਂਕਿ ਉਹ ਕਾਫੀ ਲੰਬੇ ਸਮੇਂ ਤੋਂ ਲੋਕ ਸੇਵਾ ਨਾਲ ਜੁੜੇ ਹੋਏ ਹਨ। ਅਜਿਹੇ ਵਿਰਲੇ ਹੀ ਲੋਕ ਹੁੰਦੇ ਹਨ ਜੋ ਆਪਣੇ ਜੀਵਨ ਨੂੰ ਸਮਾਜ ਦੀ ਸੇਵਾ ਲਈ ਸਮਰਪਿਤ ਕਰਦੇ ਹਨ। ਫੋਰਮ ਵਲੋਂ ਐਸ.ਪੀ. ਬਾਹੀਆ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਗੁਰਦੀਪ ਸਿੰਘ ਕੰਗ ਨੇ ਸਮੂਹ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਦੱਸਿਆ ਕਿ ਅੱਜ ਦੇ ਸਮਾਗਮ ‘ਚ 20 ਲੋੜਵੰਦ ਪਰਿਵਾਰਾਂ ਨੂੰ ਇਕ ਮਹੀਨੇ ਦਾ ਰਾਸ਼ਨ ਦੇਣ ਦਾ ਉਪਰਾਲਾ ਕੀਤਾ ਗਿਆ ਹੈ। ਆਯੋਜਿਤ ਸਮਾਗਮ ਵਿਚ ਕੋਵਿਡ-19 ਦੌਰਾਨ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਿਰਫ ਉਦਘਾਟਨ ਦੀ ਰਸਮ ਨਿਭਾਈ ਗਈ ਹੈ ਜਦਕਿ ਹਰੇਕ ਪਰਿਵਾਰ ਨੂੰ ਨਿਜੀ ਤੌਰ ਤੇ ਉਹਨਾਂ ਦੀ ਟੀਮ ਘਰ-ਘਰ ਜਾ ਕੇ ਰਾਸ਼ਨ ਦੀ ਵੰਡ ਕਰੇਗੀ। ਇਸ ਮੌਕੇ ਫੋਰਮ ਦੇ ਜਨਰਲ ਸਕੱਤਰ ਅਤੁਲ ਜੈਨ, ਉਪ ਪ੍ਰਧਾਨ ਸੁਨੀਲ ਢੀਗਰਾ, ਸੰਜੀਵ ਲਾਂਬਾ, ਵਿਨੇ ਕੁਮਾਰ ਬਿੱਟੂ, ਸਕੱਤਰ ਜੁਗਲ ਬਵੇਜਾ, ਆਸ਼ੂ ਮਾਰਕੰਡਾ, ਕੇਵਲ ਕ੍ਰਿਸ਼ਨ, ਸੰਜੀਵ ਸੂਰੀ, ਸ਼ਸ਼ੀ ਕਾਲੀਆ, ਗਾਇਕ ਜਸਬੀਰ ਮਾਹੀ ਪ੍ਰੈਸ ਸਕੱਤਰ, ਮੁਕੇਸ਼ ਡਾਂਗ, ਸ਼ਸ਼ੀ ਕਾਲੀਆ, ਪਵਨ ਕਲੂਚਾ, ਵਿਪਨ ਠਾਕੁਰ, ਸੁਮਿਤ ਭੰਡਾਰੀ, ਵਿਪਨ ਕੁਮਾਰ, ਅਸ਼ਵਨੀ ਕਵਾਤਰਾ, ਅਜੇ ਕੁਮਾਰ, ਰਵਿੰਦਰ ਚੱਢਾ, ਰਮੇਸ਼ ਸ਼ਿੰਗਾਰੀ, ਅਸ਼ਵਨੀ ਐਰੀ, ਹੈਪੀ ਬਰੋਕਰ, ਹੈਪੀ ਮੱਲ੍ਹਣ, ਬਲਜੀਤ ਗੁਪਤਾ, ਰਣਦੀਪ ਸਿੰਘ ਬੋਬੀ ਆਦਿ ਹਾਜਰ ਸਨ।