ਜਲੰਧਰ :- 32ਵਾਂ ਸੜਕ ਸੁਰੱਖਿਆ ਮਹੀਨਾ ‘ਸੜਕ ਸੁਰੱਖਿਆ ਜੀਵਨ ਰੱਖਿਆ’ ਥੀਮ ਹੇਠ ਮਨਾਉਂਦੇ ਹੋਏ ਸੈਕਟਰੀ ਰੀਜਨਲ ਟਰਾਂਸਪੋਰਟ ਅਥਾਰਟੀ ਬਰਜਿੰਦਰ ਸਿੰਘ ਵੱਲੋਂ ਅੱਜ ਰਾਜ ਪ੍ਰਦੂਸ਼ਣ ਚੈੱਕ ਸੈਂਟਰ ਬਸਤੀ ਬਾਵਾ ਖੇਲ ਵਿਖੇ ਮੁਫਤ ਪ੍ਰਦੂਸ਼ਣ ਚੈੱਕਅਪ ਕੈਂਪ ਲਗਵਾਇਆ ਗਿਆ। ਇਸ ਕੈਂਪ ਦੌਰਾਨ ਜਿਥੇ ਆਮ ਲੋਕਾਂ ਦੇ ਵਾਹਨਾਂ ਨੂੰ ਚੈੱਕ ਕੀਤਾ ਗਿਆ ਉਥੇ  60 ਦੇ ਕਰੀਬ ਮੁਫ਼ਤ ਪ੍ਰਦੂਸ਼ਣ ਸਰਟੀਫਿਕੇਟ ਵੀ ਦਿੱਤੇ ਗਏ।

ਇਸ ਮੌਕੇ ਰੀਜਨਲ ਟਰਾਂਸਪੋਰਟ ਅਥਾਰਟੀ ਨੇ ਲੋਕਾਂ ਨੂੰ ਆਨਲਾਈਨ ਪ੍ਰਦੂਸ਼ਣ ਸਰਟੀਫਿਕੇਟ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਕਰ ਪ੍ਰਦੂਸ਼ਣ ਚੈੱਕ ਸਰਟੀਫਿਕੇਟ ਕਿਤੇ ਗੁੰਮ ਹੋ ਜਾਂਦਾ ਹੈ ਤਾਂ ਕਿਸ ਤਰ੍ਹਾਂ ਉਸ ਨੂੰ ਦੁਬਾਰਾ ਵਿਭਾਗ ਦੀ ਵੈੱਬਸਾਈਟ ਦੇ ਲਿੰਕ (https: //vahan.parivahan.gov.in/puc/views/pucCertificate.xhtml) ਤੋਂ ਰੀਪ੍ਰਿੰਟ ਕੀਤਾ ਜਾ ਸਕਦਾ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਪ੍ਰਦੂਸ਼ਣ ਦੀ ਰੋਕਥਾਮ ਲਈ ਸਾਨੂੰ ਆਪਣੀਆਂ ਗੱਡੀਆਂ ਦਾ ਰੈਗੂਲਰ ਪ੍ਰਦੂਸ਼ਣ ਚੈੱਕਅਪ ਕਰਵਾਉਣਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਵਾਹਨਾਂ ਕਾਰਨ ਹੋਣ ਵਾਲੇ ਪ੍ਰਦੂਸ਼ਣ ਕਰਕੇ ਸਾਡੀ ਸਿਹਤ ‘ਤੇ ਬਹੁਤ ਮਾੜਾ ਅਸਰ ਪੈਂਦਾ ਹੈ।