ਫਗਵਾੜਾ 6 ਫਰਵਰੀ (ਸ਼ਿਵ ਕੋੜਾ) ਕੇਂਦਰ ਦੀ ਮੋਦੀ ਸਰਕਾਰ ਦੇ ਖੇਤੀ ਸਬੰਧੀ ਤਿੰਨ ਨਵੇਂ ਕਾਨੂੰਨਾਂ ਖਿਲਾਫ ਕਿਸਾਨ ਜੱਥੇਬੰਦੀਆਂ ਵਲੋਂ ਅੱਜ ਦੁਪਿਹਰ 12 ਤੋਂ 3 ਵਜੇ ਤੱਕ ਦਿੱਤੇ ਚੱਕਾ ਜਾਮ ਦੇ ਸੱਦੇ ਦੌਰਾਨ ਸਥਾਨਕ ਜੀ.ਟੀ. ਰੋਡ ਵਿਖੇ ਹਜਾਰਾਂ ਕਿਸਾਨਾ ਦੇ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕਰਨ ਲਈ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਸਾਬਕਾ ਮੰਤਰੀ ਅਤੇ ਸੀਨੀਅਰ ਟਕਸਾਲੀ ਕਾਂਗਰਸੀ ਆਗੂ ਹਰਜੀਤ ਸਿੰਘ ਪਰਮਾਰ ਵਿਸ਼ੇਸ਼ ਤੌਰ ਤੇ ਪੁੱਜੇ। ਉਹਨਾਂ ਦੇ ਨਾਲ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ, ਸੀਨੀਅਰ ਆਗੂ ਸਤਬੀਰ ਸਿੰਘ ਸਾਬੀ ਵਾਲੀਆ ਸਮੇਤ ਹੋਰ ਕਾਂਗਰਸੀ ਆਗੂ ਵੀ ਸਨ। ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਕਿਸਾਨ ਅੰਦੋਲਨ ਇਕ ਨਵਾਂ ਇਤਿਹਾਸ ਸਿਰਜ ਰਿਹਾ ਹੈ ਕਿਉਂਕਿ ਪਹਿਲੀ ਵਾਰ ਕਿਸੇ ਅੰਦੋਲਨ ਨੂੰ ਦੁਨੀਆ ਭਰ ਦੇ ਦੇਸ਼ਾਂ ਤੋਂ ਇੰਨਾ ਵੱਡਾ ਸਮਰਥਨ ਪ੍ਰਾਪਤ ਹੋਇਆ ਹੈ। ਕਿਸਾਨਾ ਦੇ ਢਾਈ ਮਹੀਨੇ ਤੋਂ ਦਿੱਲੀ ਦੇ ਬਾਰਡਰਾਂ ਉਪਰ ਜਾਰੀ ਸ਼ਾਂਤਮਈ ਅੰਦੋਲਨ ਅਤੇ ਦੇਸ਼ ਵਿਦੇਸ਼ ਦੀ ਜਨਤਾ ਦੇ ਸਮਰਥਨ ਤੋਂ ਘਬਰਾਈ ਮੋਦੀ ਸਰਕਾਰ ਨੇ ਦਿੱਲੀ ਵਿਚ ਗਿਣੀ ਮਿੱਥੀ ਸਾਜਿਸ਼ ਤਹਿਤ ਹਿੰਸਾ ਕਰਵਾ ਕੇ ਅੰਦੋਲਨ ਨੂੰ ਬਦਨਾਮ ਅਤੇ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਸੀ ਜੋ ਕਿਸਾਨਾ ਦੀ ਸਮਝਦਾਰੀ ਨਾਲ ਨਾਕਾਮ ਹੋ ਗਈ। ਮਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾ ਦੇ ਨਾਲ ਪਹਿਲੇ ਦਿਨ ਤੋਂ ਡਟ ਕੇ ਖੜੀ ਹੈ ਅਤੇ ਜਦੋਂ ਤੱਕ ਕਾਲੇ ਕਾਨੂੁੰਨ ਵਾਪਸ ਨਹੀ ਹੋਣਗੇ ਕਿਸਾਨ ਅੰਦੋਲਨ ਨੂੰ ਕਾਂਗਰਸ ਪਾਰਟੀ ਦਾ ਸਮਰਥਨ ਜਾਰੀ ਰਹੇਗਾ। ਇਸ ਮੌਕੇ ਦਲਜੀਤ ਰਾਜੂ ਦਰਵੇਸ਼ ਪਿੰਡ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਕਾਲੇ ਕਾਨੂੰਨ ਲਾਗੂ ਕਰਕੇ ਕਿਸਾਨਾ ਦਾ ਗੱਲ ਘੁੱਟਣ ਤੋਂ ਗੁਰੇਜ ਕਰੇ ਨਹੀ ਤਾਂ ਦਿੱਲੀ ਦੇ ਬਾਰਡਰਾਂ ਤੇ ਕਿਸਾਨਾਂ ਨੂੰ ਰੋਕਣ ਲਈ ਠੋਕੇ ਜਾ ਰਹੇ ਕਿੱਲ ਮੋਦੀ ਸਰਕਾਰ ਨੂੰ ਤਬੂਤ ਵਿਚ ਪਾਉਣ ਦਾ ਹੀ ਰਾਹ ਤਿਆਰ ਕਰਨਗੇ। ਇਸ ਮੌਕੇ ਕਾਂਗਰਸੀ ਆਗੂ ਰਾਮ ਆਸਰਾ ਚੱਕ ਪ੍ਰੇਮਾ, ਰੂਪ ਲਾਲ ਢੱਕ ਪੰਡੋਰੀ, ਡੋਗਰ ਮੱਲ, ਧਲਵਿੰਦਰ ਸਿੰਘ ਠੱਕਰਕੀ, ਸੁਭਾਸ਼ ਕਵਾਤਰਾ, ਵਰੁਣ ਬੰਗੜ ਚੱਕ ਹਕੀਮ, ਰਾਜੂ ਆਨੰਦ, ਕੁਲਵਿੰਦਰ ਸਿੰਘ ਚੱਠਾ, ਬਲਵਿੰਦਰ ਸਿੰਘ, ਮਨਜੋਤ ਸਿੰਘ, ਅਕਾਸ਼ ਕੁਮਾਰ ਆਦਿ ਹਾਜਰ ਸਨ।