ਰੋਹਤਕ :- ਰੋਹਤਕ ਵਿੱਚ ਸ਼ੁੱਕਰਵਾਰ ਰਾਤ ਵਾਪਰੀ ਗੋਲੀਬਾਰੀ ਦੀ ਇਕ ਸਨਸਨੀਖ਼ੇਜ਼ ਘਟਨਾ ਦੌਰਾਨ ਅਣਪਛਾਤੇ ਹਮਲਾਵਰਾਂ ਨੇ ਇਕ ਕਾਲਜ ਅੰਦਰ ਵੜ ਕੇ 5 ਵਿਅਕਤੀਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਜਦਕਿ ਕਈ ਹੋਰਨਾਂ ਨੂੰ ਜ਼ਖ਼ਮੀ ਕਰ ਦਿੱਤਾ। ਮ੍ਰਿਤਕਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ ਜਦਕਿ ਜ਼ਖ਼ਮੀਆਂ ਵਿੱਚ ਇਕ ਤਿੰਨ ਸਾਲਾਂ ਦਾ ਬੱਚਾ ਸ਼ਾਮਲ ਹੈ। ਜਾਟ ਕਾਲਜ ਦੇ ਜਿਮਨੇਜ਼ੀਅਮ ਹਾਲ ਵਿੱਚ ਮੇਹਰ ਸਿੰਘ ਅਖ਼ਾੜਾ ਦੇ ਕੋਚ ’ਤੇ ਕੀਤੇ ਗਏ ਇਸ ਕਾਤਲਾਨਾ ਹਮਲੇ ਦੌਰਾਨ ਪ੍ਰਦੀਪ ਮਲਿਕ, ਪੂਜਾ ਅਤੇ ਸਾਕਸ਼ੀ ਸ਼ਾਮਿਲ ਹਨ।

ਘਟਨਾ ਸ਼ੁੱਕਰਵਾਰ ਰਾਤ ਲਗਪਗ 9.30 ਵਜੇ ਦੀ ਹੈ ਅਤੇ ਉਸ ਵੇਲੇ ਜਿਮਨੇਜ਼ੀਅਮ ਹਾਲ ਵਿੱਚ ਟਰੇਨਿੰਗ ਸੈਸ਼ਨ ਚੱਲ ਰਿਹਾ ਸੀ। ਮ੍ਰਿਤਕਾਂ ਵਿੱਚ ਟਰੇਨਿੰਗ ਕਰ ਰਹੇ ਕੁਝ ਪਹਿਲਵਾਨ ਸ਼ਾਮਲ ਹਨ। ਅਪੁਸ਼ਟ ਸੂਚਨਾ ਅਨੁਸਾਰ ਮੋਟਰ ਸਾਈਕਲਾਂ ’ਤੇ ਆਏ ਹਮਲਾਵਰ ਜਿਮਨੇਜ਼ੀਅਮ ਹਾਲ ਵਿੱਚ ਆ ਧਮਕੇ, ਗੋਲੀਆਂ ਚਲਾਈਆਂ ਅਤੇ ਫ਼ਰਾਰ ਹੋਣ ਵਿੱਚ ਸਫ਼ਲ ਹੋ ਗਏ। ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ ਪਰ ਇਹ ਪੁਰਾਣੀ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ ਹੈ।

ਸੋਨੀਪਤ ਦਾ ਇਕ ਕੋਚ ਇਸ ਮਾਮਲੇ ਵਿੱਚ ਸ਼ੱਕ ਦੇ ਘੇਰੇ ਵਿੱਚ ਆ ਰਿਹਾ ਹੈ ਜਿਸ ਦੀ ਮ੍ਰਿਤਕ ਕੋਚ ਨਾਲ ਪੁਰਾਣੀ ਰੰਜਿਸ਼ ਦੱਸੀ ਜਾਂਦੀ ਹੈ। ਮ੍ਰਿਤਕਾਂ ਦੀਆਂ ਦੇਹਾਂ ਪੋਸਟ ਮਾਰਟਮ ਲਈ ਭੇਜ ਦਿੱਤੀਆਂ ਗਈਆਂ ਹਨ ਜਦਕਿ ਜ਼ਖ਼ਮੀਆਂ ਨੂੰ ਪੀ.ਜੀ.ਆਈ. ਰੋਹਤਕ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਰੋਹਤਕ ਦੇ ਐਸ.ਪੀ. ਸ੍ਰੀ ਰਾਹੁਲ ਸ਼ਰਮਾ ਅਨੁਸਾਰ ਕਤਲ ਅਤੇ ਹੋਰ ਸੰਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਪਛਾਣ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ।