ਜਲੰਧਰ, 13 ਫਰਵਰੀ
ਐਸੋਸੀਏਸ਼ਨ ਫਾਰ ਸੋਸ਼ਲ ਹੈਲਥ ਇਨ ਇੰਡੀਆ (ਏ.ਐੱਸ.ਐੱਚ.ਆਈ.) ਵੱਲੋਂ ਚਲਾਏ ਜਾ ਰਹੇ ਸੰਜੀਵਨੀ ਸਵਾਧਰ ਗ੍ਰਹਿ ਵਿਖੇ ਰਹਿਣ ਵਾਲੀਆਂ ਲੜਕੀਆਂ ਦੇ ਬਿਹਤਰ ਜੀਵਨ ਪੱਧਰ ਨੂੰ ਯਕੀਨੀ ਬਣਾਉਣ ਅਤੇ ਲੋੜਵੰਦ ਲੜਕੀਆਂ ਨੂੰ ਸਵੈ-ਨਿਰਭਰ ਬਣਾਉਣ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸ਼ਨੀਵਾਰ ਨੂੰ ਸੰਜੀਵਨੀ ਨੂੰ ਇਕ ਲੱਖ ਰੁਪਏ ਦੀ ਗ੍ਰਾਂਟ ਦੇਣ ਅਤੇ ਉਥੇ ਰਹਿਣ ਵਾਲੀਆਂ ਲੜਕੀਆਂ ਦੀ ਸਿੱਖਿਆ ‘ਤੇ ਆਉਣ ਵਾਲਾ ਖਰਚਾ ਚੁੱਕਣ ਦਾ ਐਲਾਨ ਕੀਤਾ।ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਡਿਪਟੀ ਕਮਿਸ਼ਨਰ, ਜਿਨ੍ਹਾਂ ਪਹਿਲੀ ਵਾਰ ਸੰਜੀਵਨੀ ਦਾ ਦੌਰਾ ਕੀਤਾ, ਨੇ ਕਿਹਾ ਕਿ ਪ੍ਰਸ਼ਾਸਨ ਅਜਿਹੇ ਕੇਂਦਰਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ, ਜੋ ਲੋੜਵੰਦ ਵਿਅਕਤੀਆਂ ਖਾਸਕਰਕੇ ਲੜਕੀਆਂ ਦੀ ਬਿਹਤਰੀ ਲਈ ਕੰਮ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਲੜਕੀਆਂ ਦੇ ਰੌਸ਼ਨ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਇਨ੍ਹਾਂ ਨੂੰ ਸਿੱਖਿਅਤ ਕਰਨਾ ਸਮੇਂ ਦੀ ਮੁੱਖ ਲੋੜ ਹੈ। ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਇਥੇ ਰਹਿਣ ਵਾਲੀਆਂ ਲੜਕੀਆਂ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਇਨ੍ਹਾਂ ਨੂੰ ਬਿਹਤਰੀਨ ਸਹੂਲਤਾਂ ਪ੍ਰਦਾਨ ਕੀਤੀਆਂ ਜਾਣੀਆਂ ਚਾਹੀਦੀਆਂ ਹਨ।ਸਮਾਜ ਸੇਵਿਕਾ ਪਰਮਿੰਦਰ ਬੇਰੀ, ਜੋ ਕਿ ਸੰਜੀਵਨੀ ਦੀ ਮੁੱਖ ਕਾਰਜਕਾਰੀ ਹਨ, ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਮੌਜੂਦਾ ਸਮੇਂ ਇਥੇ 18 ਲੜਕੀਆਂ ਰਹਿ ਰਹੀਆਂ ਹਨ ਅਤੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਲੜਕੀਆਂ ਇਥੇ ਟੇਲਰਿੰਗ, ਕਢਾਈ, ਕੰਪਿਊਟਰ ਵੀ ਸਿੱਖ ਰਹੀਆਂ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਮੁਫ਼ਤ ਰਿਹਾਇਸ਼, ਖਾਣਾ, ਮੈਡੀਕਲ ਅਤੇ ਕਾਨੂੰਨੀ ਸਹਾਇਤਾ ਵੀ ਪ੍ਰਦਾਨ ਕੀਤੀ ਜਾ ਰਹੀ ਹੈ ।ਡਿਪਟੀ ਕਮਿਸ਼ਨਰ ਨੇ ਕਾਰਜਕਰਤਾਵਾਂ ਨੂੰ ਇਥੇ ਰਹਿਣ ਵਾਲੀਆਂ ਲੜਕੀਆਂ ਦੀ ਸੁਰੱਖਿਆ ਅਤੇ ਚੰਗੇ ਵਾਤਾਵਰਣ ‘ਤੇ ਵਿਸ਼ੇਸ਼ ਧਿਆਨ ਦੇਣ ਲਈ ਕਿਹਾ । ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 18 ਸਾਲ ਤੋਂ ਵੱਧ ਉਮਰ ਦੀਆਂ ਲੜਕੀਆਂ ਜੋ ਕਿ ਜਾਂ ਤਾਂ ਬੇਸਹਾਰਾ ਹਨ ਜਾਂ ਬਿਨਾਂ ਕਿਸੇ ਸਮਾਜਿਕ ਅਤੇ ਆਰਥਿਕ ਸਹਾਇਤਾ ਦੇ ਹਨ, ਦੇ ਮੁੜ ਵਸੇਬੇ ਲਈ ਸਵਾਧਰ ਗ੍ਰਹਿ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਮਦਰ ਟੈਰੇਸਾ ਅਨਾਥ ਆਸ਼ਰਮ ਦਾ ਵੀ ਦੌਰਾ ਕੀਤਾ ਅਤੇ ਉਥੇ ਰਹਿ ਰਹੀਆਂ ਵਿਸ਼ੇਸ਼ ਲੋੜਾਂ ਵਾਲੀਆਂ ਲੜਕੀਆਂ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ।ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਮੇਂ-ਸਮੇਂ ‘ਤੇ ਇਨ੍ਹਾਂ ਸੰਸਥਾਵਾਂ ਦੇ ਦੌਰਾ ਕਰਦੇ ਰਹਿਣ ਤਾਂ ਜੋ ਅਜਿਹੀਆਂ ਸੰਸਥਾਵਾਂ ਵਿੱਚ ਬੇਸਹਾਰਾ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ‘ਤੇ ਨਿਯਮਤ ਤੌਰ ‘ਤੇ ਨਜ਼ਰ ਰੱਖੀ ਜਾ ਸਕੇ।ਇਸ ਮੌਕੇ ਡੀਪੀਓ ਗੁਰਮਿੰਦਰ ਸਿੰਘ ਰੰਧਾਵਾ, ਲੀਗਲ ਪ੍ਰੋਬੇਸ਼ਨ ਅਫ਼ਸਰ ਸੰਦੀਪ ਕੁਮਾਰ, ਬਾਲ ਸੁਰੱਖਿਆ ਅਫ਼ਸਰ ਹਰਨੀਤ ਕੌਰ ਅਤੇ ਹੋਰ ਮੌਜੂਦ ਸਨ।