ਫਗਵਾੜਾ (ਸ਼਼ਿਵ ਕੋੜਾ) :- ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਦੇ ਯਤਨਾ ਸਦਕਾ ਮੋਦੀ ਸਰਕਾਰ ਵਲੋਂ 17.50 ਲੱਖ ਰੁਪਏ ਦੀ ਗ੍ਰਾਂਟ ਭੇਜਣ ਦੇ ਬਾਵਜੂਦ ਵੀ ਕਾਰਪੋਰੇਸ਼ਨ ਫਗਵਾੜਾ ਵਲੋਂ ਗੋਬਿੰਦਪੁਰਾ ਅਤੇ ਪਹਿਚਾਨ ਨਗਰ ਦੀਆਂ ਗਲੀਆਂ ਦੀ ਉਸਾਰੀ ਲਈ ਟੈਂਡਰ ਨਹੀਂ ਖੋਲੇ ਜਾ ਰਹੇ। ਇਹ ਗੱਲ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਅੱਜ ਇੱਥੇ ਕਾਰਪੋਰੇਸ਼ਨ ਫਗਵਾੜਾ ਦੀ ਕਾਰਗੁਜਾਰੀ ਨੂੰ ਇਕ ਵਾਰ ਫਿਰ ਸਵਾਲਾਂ ਦੇ ਘੇਰੇ ਵਿਚ ਲੈਂਦਿਆਂ ਹੋਇਆਂ ਕਹੀ। ਉਹਨਾਂ ਨਿਗਮ ਕਮੀਸ਼ਨਰ ਨੂੰ ਹਲਕਾ ਵਿਧਾਇਕ ਬਲਵਿੰਦਰ ਸਿੰਘ ਦੀ ਕਠਪੁਤਲੀ ਦੱਸਿਆ ਅਤੇ ਕਿਹਾ ਕਿ ਕੇਂਦਰ ਵਲੋਂ ਗੋਬਿੰਦਪੁਰਾ ਦੀ ਗਲੀ ਦੀ ਉਸਾਰੀ ਲਈ 12.50 ਲੱਖ ਰੁਪਏ ਜਦਕਿ ਪਹਿਚਾਨ ਨਗਰ ਦੀ ਗਲੀ ਲਈ ਪੰਜ ਲੱਖ ਰੁਪਏ ਦੀ ਗ੍ਰਾਂਟ ਭੇਜੀ ਗਈ ਹੈ ਪਰ ਕਾਰਪੋਰੇਸ਼ਨ ਵਲੋਂ ਜਾਣਬੁੱਝ ਕੇ ਵਿਧਾਇਕ ਦੇ ਇਸ਼ਾਰੇ ਤੇ ਟੈਂਡਰ ਵਿਚ ਦੇਰੀ ਕੀਤੀ ਜਾ ਰਹੀ ਹੈ। ਉਹਨਾਂ ਸ਼ਹਿਰ ਦੀ ਸਟਰੀਟ ਲਾਈਟ ਵਿਵਸਥਾ ਦਾ ਵੀ ਜਿਕਰ ਕੀਤਾ ਅਤੇ ਕਿਹਾ ਕਿ ਕਾਰਪੋਰੇਸ਼ਨ ਦੀ ਢਿੱਲੀ ਕਾਰਜਪ੍ਰਣਾਲੀ ਦੀ ਵਜ੍ਹਾ ਨਾਲ ਅੱਧਾ ਸ਼ਹਿਰ ਰਾਤ ਨੂੰ ਘੁੱਪ ਹਨੇ੍ਹਰੇ ਵਿਚ ਡੁੱਬਿਆ ਰਹਿੰਦਾ ਹੈ। ਸ਼ਿਵ ਮੰਦਰ ਪੱਕਾ ਬਾਗ ਰੋਡ, ਸਿੰਗਲਾ ਮਾਰਕਿਟ, ਗਉਸ਼ਾਲਾ ਬਾਜਾਰ, ਕਟਿਹਰਾ ਚੌਕ ਅਤੇ ਹਾਂਡਿਆ ਮੁਹੱਲਾ ਸਮੇਤ ਨਾਲ ਲੱਗਦੇ ਕਾਫੀ ਇਲਾਕਿਆਂ ਦੀਆਂ ਸਟ੍ਰੀਟ ਲਾਈਟਾਂ ਲੰਬੇ ਸਮੇਂ ਤੋਂ ਖਰਾਬ ਪਈਆਂ ਹਨ ਜਿਹਨਾਂ ਨੂੰ ਠੀਕ ਨਹੀਂ ਕਰਵਾਇਆ ਗਿਆ। ਸ਼ਿਕਾਇਤ ਕੇਂਦਰ ਉਪਰ ਵਾਰ-ਵਾਰ ਸ਼ਿਕਾਇਤ ਦਰਜ ਕਰਾਉਣ ਦੇ ਬਾਵਜੂਦ ਸਿਰਫ 10/12 ਲਾਈਟਾਂ ਹੀ ਠੀਕ ਕਰਵਾਈਆਂ ਗਈਆਂ ਹਨ। ਬਹੁਤ ਸਾਰੀਆਂ ਲਾਈਟਾਂ ਨੂੰ ਅਕਸਰ ਦਿਨ ਸਮੇਂ ਤਾਂ ਮੁਰੰਮਤ ਦੇ ਨਾਮ ਤੇ ਜਲਾ ਕੇ ਰੱਖਿਆ ਜਾਂਦਾ ਹੈ ਪਰ ਰਾਤ ਹੁੰਦਿਆਂ ਹੀ ਇਹ ਲਾਈਟਾਂ ਬੰਦ ਹੋ ਜਾਂਦੀਆਂ ਹਨ। ਬਾਈਪਾਸ ਰੋਡ ਤੋਂ ਉਤਾਰੀਆਂ ਗਈਆਂ 684 ਲਾਈਟਾਂ ਦਾ ਹੁਣ ਤਕ ਕਾਰਪੋਰੇਸ਼ਨ ਵਲੋਂ ਕੋਈ ਹਿਸਾਬ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਜੋ ਨਵੀਂਆਂ ਐਲ.ਈ.ਡੀ. ਲਾਈਟਾਂ ਲਗਾਈਆਂ ਜਾ ਰਹੀਆਂ ਹਨ ਉਹ ਕਾਫੀ ਘਟੀਆ ਕਵਾਲਿਟੀ ਦੀਆਂ ਹਨ ਜੋ ਕਿ ਲਗਾਏ ਜਾਣ ਤੋਂ ਕੁੱਝ ਹੀ ਦਿਨਾਂ ਬਾਅਦ ਖਰਾਬ ਹੋ ਜਾਂਦੀਆਂ ਹਨ। ਅਰੁਣ ਖੋਸਲਾ ਨੇ ਕੈਪਟਨ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕੇ ਜੇਕਰ ਸੂਬਾ ਸਰਕਾਰ ਪਾਸ ਫਗਵਾੜਾ ਵਿਕਾਸ ਲਈ ਫੰਡ ਨਹੀਂ ਹਨ ਤਾਂ ਹਲਕਾ ਮੈਂਬਰ ਪਾਰਲੀਮੈਂਟ ਹੋਣ ਦੇ ਨਾਤੇ ਸ੍ਰੀ ਸੋਮ ਪ੍ਰਕਾਸ਼ ਕੈਂਥ ਕੇਂਦਰ ਤੋਂ ਫੰਡਾਂ ਦਾ ਪ੍ਰਬੰਧ ਕਰਨ ਦੀ ਗੱਲ ਪਹਿਲਾਂ ਹੀ ਕਹਿ ਚੁੱਕੇ ਹਨ ਲੇਕਿਨ ਕਾਰਪੋਰੇਸ਼ਨ ਫਗਵਾੜਾ ਇਸ ਗੱਲ ਦੀ ਗਾਰੰਟੀ ਦੇਵੇ ਕਿ ਕੇਂਦਰ ਵਲੋਂ ਭੇਜੀ ਗ੍ਰਾਂਟ ਦਾ ਇਕ ਇਕ ਪੈਸਾ ਇਮਾਨਦਾਰੀ ਅਤੇ ਪੂਰੀ ਪਾਰਦਰਸ਼ਿਤਾ ਨਾਲ ਸ਼ਹਿਰ ਦੇ ਵਿਕਾਸ ਕਾਰਜਾਂ ਉਪਰ ਖਰਚ ਕੀਤਾ ਜਾਵੇਗਾ। ਉਹਨਾਂ ਆਉਂਦੇ ਦਿਨਾਂ ਵਿਚ ਮਹਾ ਸ਼ਿਵਰਾਤਰੀ ਦੇ ਤਿਓਹਾਰ ਨੂੰ ਮੁੱਖ ਰੱਖਦੇ ਹੋਏ ਪ੍ਰਾਚੀਨ ਸ਼ਿਵ ਮੰਦਰ ਪੱਕਾ ਬਾਗ ਰੋਡ ਦੀਆਂ ਖਰਾਬ ਪਈਆਂ ਸਟਰੀਟ ਲਾਈਟਾਂ ਨੂੰ ਪਹਿਲ ਦੇ ਅਧਾਰ ਤੇ ਠੀਕ ਕਰਵਾਉਣ ਦੀ ਮੰਗ ਵੀ ਕੀਤੀ।