ਜਲੰਧਰ :- ਵਿਧਾਇਕ ਸ਼ੁਸ਼ੀਲ ਕੁਮਾਰ ਰਿੰਕੂ ਅਤੇ ਡਿਪਟੀ ਕਮਿਸਨਰ ਜਲੰਧਰ ਸ੍ਰੀ ਘਨਸ਼ਿਆਮ ਥੋਰੀ ਵਲੋਂ ਨੌਜਵਾਨਾਂ ਨੂੰ 190 ਮਿੰਨੀ ਬੱਸ ਪਰਮਿਟ ਵੰਡਣ ਦੀ ਸ਼ੁਰੂਆਤ ਪੰਜ ਮਿੰਨੀ ਬੱਸ ਪਰਮਿਟਾਂ ਦੀ ਵੰਡ ਕਰਕੇ ਕੀਤੀ ਗਈ ਅਤੇ ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਵਰਚੂਅਲ ਤੌਰ ’ਤੇ ਕੀਤੀ ਗਈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਅਤੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਸ ਸਕੀਮ ਦਾ ਮੁੱਖ ਮੰਤਵ ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਯੋਜਨਾ ਤਹਿਤ ਬੇਰੋਜ਼ਗਾਰ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਤੋਂ ਇਲਾਵਾ ਦਿਹਾਤੀ ਖੇਤਰਾਂ ਦਾ ਸ਼ਹਿਰੀ ਖੇਤਰਾਂ ਨਾਲ ਬਿਹਤਰ ਸੰਪਰਕ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਦੱਸਿਆ ਕਿ ਜਲੰਧਰ ਅਤੇ ਕਪੂਰਥਲਾ ਜਿਲ੍ਹਿਆਂ ਤੋਂ 190 ਨੌਜਵਾਨਾਂ ਨੂੰ ਮਿੰਨੀ ਬੱਸ ਪਰਮਿਟ ਦੇਣ ਲਈ ਚੋਣ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਇਨਾਂ ਵਿਚੋਂ ਪੰਜ ਨੂੰ ਅੱਜ ਮਿੰਨੀ ਬੱਸ ਪਰਮਿਟ ਦੇ ਪ੍ਰਵਾਨਗੀ ਪੱਤਰ ਜਾਰੀ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਡਰਾਇਵਿੰਗ ਲਾਇਸੰਸ ਅਤੇ ਵਾਹਨਾਂ ਦੇ ਰਜਿਸਟਰੇਸਨ ਸਰਟੀਫਿਕੇਟ (ਆਰ.ਸੀਜ਼) ਦੀ ਡਾਕ ਰਾਹੀਂ ਹੋਮ ਡਲਿਵਰੀ ਕਰਨ ਦੀ ਸ਼ੁਰੂਆਤ ਵੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਗਈ ਹੈ ਜੋ ਕਿ ਜ਼ਿਲ੍ਹੇ ਭਰ ਵਿੱਚ 20000 ਤੋਂ ਜ਼ਿਆਦਾ ਬਿਨੈਕਾਰਾਂ ਨੂੰ ਡਰਾਇਵਿੰਗ ਲਾਇਸੰਸ ਅਤੇ ਆਰ.ਸੀਜ਼ ਡਾਕ ਰਾਹੀਂ ਘਰ ਵਿੱਚ ਪ੍ਰਾਪਤ ਕਰਨ ਵਿੱਚ ਮਦਦਗਾਰ ਸਿੱਧ ਹੋਵੇਗਾ।
ਉਨ੍ਹਾਂ ਕਿਹਾ ਕਿ 10000 ਡਰਾਇਵਿੰਗ ਲਾਇਸੰਸ ਦੇ ਬਿਨੈਕਾਰਾਂ ਅਤੇ ਇਨੀ ਹੀ ਗਿਣਤੀ ਵਿੱਚ ਆਰ.ਸੀਜ਼ ਅਤੇ ਦਸਤਾਵੇਜ ਟਰਾਂਸਪੋਰਟ ਵਿਭਾਗ ਵਲੋਂ ਬਿਨੈਕਾਰ ਡਾਕ ਰਾਹੀਂ ਘਰਾਂ ਵਿੱਚ ਹੀ ਪ੍ਰਾਪਤ ਕਰ ਸਕਣਗੇ ਜਿਸ ਨਾਲ ਉਨਾ ਨੂੰ ਹੁਣ ਕਿਸੇ ਵੀ ਸਰਕਾਰੀ ਦਫ਼ਤਰ ਜਾਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਕਿਹਾ ਕਿ ਇਹ ਨਵਾਂ ਡਲਿਵਰੀ ਸਿਸਟਮ ਟਰਾਂਸਪੋਰਟ ਵਿਭਾਗ ਵਿੱਚ ਜਨਤਕ ਸੇਵਾਵਾਂ ਦੀ ਨੁਹਾਰ ਹੀ ਬਦਲ ਦੇਵੇਗਾ । ਉਨ੍ਹਾਂ ਕਿਹਾ ਕਿ ਇਸ ਨਵੀਂ ਪ੍ਰਣਾਲੀ ਨਾਲ ਵਧੇਰੇ ਪਾਰਦਰਸ਼ਤਾ ਅਤੇ ਜਵਾਬਦੇਹੀ ਆਵੇਗੀ।
ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਇਕ ਨਿਵੇਕਲੀ ਪਹਿਲ ਦਾ ਧੰਨਵਾਦ ਕਰਦਿਆਂ ਦਕੋਹਾ ਵਾਸੀ ਕਾਮਨਾ ਨੇ ਕਿਹਾ ਕਿ ਉਸ ਨੇ ਘਰ-ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਮਿੰਨੀ ਬੱਸ ਦਾ ਪਰਮਿਟ ਲੈਣ ਲਈ ਅਪਲਾਈ ਕੀਤਾ ਸੀ ਅਤੇ ਹੁਣ ਉਹ ਜਲੰਧਰ ਸ਼ਹਿਰ ਦੇ ਬੱਸ ਸਟੈਂਡ ਤੋਂ ਮੂਸਾਪੁਰ ਰੂਟ ਦਾ ਮਿੰਨੀ ਬੱਸ ਪਰਮਿਟ ਪ੍ਰਾਪਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਉਸ ਦਾ ਸੁਪਨਾ ਪੂਰਾ ਹੋਇਆ ਹੈ ਅਤੇ ਹੁਣ ਉਹ ਇਸ ਨਾਲ ਆਪਣਾ ਖੁਦ ਦਾ ਕਾਰੋਬਾਰ ਚਲਾਉਣ ਦੇ ਯੋਗ ਹੋ ਗਈ ਹੈ।
ਇਸ ਮੌਕੇ ਇਕ ਹੋਰ ਲਾਭਪਾਤਰੀ ਜਰਨੈਲ ਸਿੰਘ ਵਾਸੀ ਮੋਹੇਆਲ ਨਗਰ ਪੰਜਾਬ ਸਰਕਾਰ ਵਲੋਂ ਬੇਰੋਜ਼ਗਾਰ ਨੌਜਵਾਨਾਂ ਲਈ ਮਿੰਨੀ ਬੱਸ ਪਰਮਿਟ ਦੇਣ ਲਈ ਕੀਤੇ ਗਏ ਫ਼ੈਸਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਆਪਣੇ ਨਾਮ ’ਤੇ ਬੱਸ ਪਰਮਿਟ ਹਾਸਿਲ ਕਰ ਸਕੇਗਾ। ਜਰਨੈਲ ਸਿੰਘ ਨੇ ਮਿੰਨੀ ਬੱਸ ਪਰਮਿਟ ਜਾਰੀ ਕਰਨ ਲਈ ਅਪਣਾਈ ਗਈ ਪਾਰਦਰਸ਼ੀ ਪ੍ਰਕਿਰਿਆ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਸਾਰੇ ਯੋਗ ਬਿਨੈਕਾਰ ਮੈਰਿਟ ਦੇ ਅਧਾਰ ’ਤੇ ਬੱਸ ਪਰਮਿਟ ਪ੍ਰਾਪਤ ਕਰ ਸਕਣਗੇ।
ਇਸ ਮੌਕੇ ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਟੀ ਬਰਜਿੰਦਰ ਸਿੰਘ ਨੇ ਕਿਹਾ ਕਿ ਸਾਰੇ ਚੁਣੇ ਗਏ ਬਿਨੈਕਾਰਾਂ ਨੂੰ ਦੋ ਦਿਨਾਂ ਵਿੱਚ ਮਿੰਨੀ ਬੱਸ ਪਰਮਿਟ ਮੁਹੱਈਆ ਕਰਵਾ ਦਿੱਤੇ ਜਾਣਗੇ ਅਤੇ ਪ੍ਰਵਾਨਗੀ ਪੱਤਰ ਉਨਾਂ ਦੇ ਘਰ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਰਮਿਟ ਦੀ ਫੀਸ ਜਮਾ ਕਰਵਾਉਣ ਉਪਰੰਤ ਇਹ ਅਲਾਟ ਕੀਤੇ ਗਏ ਰੂਟ ’ਤੇ ਬੱਸਾ ਚਲਾ ਸਕਣਗੇ।
ਅੱਜ ਬੱਸ ਪਰਮਿਟ ਦੇ ਪ੍ਰਵਾਨਗੀ ਪੱਤਰ ਦਕੋਹਾ ਵਾਸੀ ਕਾਮਨਾ ਨੁੰ ਮੂਸਾਪੁਰ ਤੋਂ ਜਲੰਧਰ ਬੱਸ ਸਟੈਂਡ ਵਾਇਆ ਉਚਾ, ਮਹੱਦੀਪੁਰ, ਇਸਰਵਾਲ, ਮੌਲੀ, ਨੰਗਲ, ਫਤਿਹ ਖਾਂ, ਬਦੀਆਨਾ, ਜੈਤੇਵਾਲੀ, ਪਤਾਰਾ, ਬੋਲੀਨਾ, ਜੋਹਲਾਂ ਅਤੇ ਰਾਮਾ ਮੰਡੀ, ਇਸੇ ਤਰ੍ਹਾਂ ਰਮਿਤ ਸ਼ਰਮਾ ਵਾਸੀ ਮਾਸਟਰ ਤਾਰਾ ਸਿੰਘ ਨਗਰ ਨੂੰ ਰੇਹਾਣਾ ਜੱਟਾਂ ਤੋਂ ਜਲੰਧਰ ਵਾਇਆ ਡੂਮੇਲੀ, ਮੂਸਾਪੁਰ, ਉਚਾ, ਬਹਾਨੀ, ਕੋਟਲੀ ਤਲਹਨ, ਢਿਲਵਾਂ ਅਤੇ ਚੁਗਿੱਟੀ, ਤੀਜਾ ਬੱਸ ਪਰਮਿਟ ਸਰੀਤਾ ਵਾਸੀ ਸੈਂਟਰਲ ਟਾਊਨ ਨੂੰ ਜਮਸ਼ੇਰ ਖਾਸ ਤੋਂ ਜਲੰਧਰ ਬੱਸ ਸਟੈਂਡ ਵਾਇਆ ਸਪਰਾਏ, ਚਾਨੰਣਪੁਰ, ਜਗਰਾਲ, ਸ਼ਾਹਪੁਰ, ਸੀ.ਟੀ.ਇੰਸਟੀਚਿਊਟ, ਸੀ.ਟੀ. ਵਰਲਡ ਸਕੂਲ ਕਾਦੀਆਂਵਾਲ, ਮਿੱਠਾਪੁਰ, ਪੰਜਾਬੀ ਬਾਗ਼, ਅਰਬਨ ਅਸਟੇਟ, ਵਡਾਲਾ ਚੌਕ, ਬੂਟਾ ਮੰਡੀ, ਗੁਰੂ ਰਵਿਦਾਸ ਚੌਕ, ਨਕੋਦਰ ਚੌਕ, ਗੁਰੂ ਨਾਨਕ ਮਿਸ਼ਨ ਚੌਕ ਦਾ ਬੱਸ ਪਰਮਿਟ ਦਿੱਤਾ ਗਿਆ ਹੈ। ਇਸੇ ਤਰ੍ਹਾਂ ਜਰਨੈਲ ਸਿੰਘ ਵਾਸੀ ਮੋਹੇਵਾਲ ਨਗਰ ਨੂੰ ਜਲੰਧਰ ਤੋਂ ਲੁਟੇਰਾ ਖੁਰਦ ਵਾਇਆ ਰਾਮਾ ਮੰਡੀ, ਜੋਹਲ ਬੋਲੀਨਾ, ਜੈਤੇਵਾਲੀ, ਪਤਾਰਾ, ਨੰਗਲ, ਫਤਿਹ ਖਾਨ, ਨੌਲੀ, ਇਸਰਵਾਲ ,ਜੇਠਪੁਰ, ਕੋਟਲੀ ਜਮੀਤ ਸਿੰਘ ਅਤੇ ਇਸੇ ਤਰ੍ਹਾਂ ਹਰਨੇਕ ਸਿੰਘ ਵਾਸੀ ਧੰਨੋਵਾਲੀ ਨੁੰ ਜਲੰਧਰ ਤੋਂ ਬੂਲੇ ਵਾਇਆ ਰੇਲਵੇ ਸਟੇਸ਼ਨ, ਪਠਾਨਕੋਟ ਚੌਕ, ਬੱਲਾਂ, ਨੌਗੱਜਾ, ਡੋਗਰੀ, ਮੁਸਤਾਪੁਰ ਅਤੇ ਸ਼ਿਵਦਾਸਪੁਰ ਰੂਟ ਦਾ ਬੱਸ ਪਰਮਿਟ ਜਾਰੀ ਕੀਤਾ ਗਿਆ ਹੈ।
ਵਿਧਾਇਕ ਸ਼ੁਸ਼ੀਲ ਕੁਮਾਰ ਰਿੰਕੂ ਅਤੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਇਨਾਂ ਨੌਜਵਾਨਾਂ ਨੂੰ ਜਿਥੇ ਬੱਸ ਪਰਮਿਟ ਮਿਲਣ ’ਤੇ ਵਧਾਈ ਦਿੱਤੀ ਗਈ ਉਥੇ ਹੀ ਇਨਾਂ ਦੇ ਉਜਵੱਲ ਭਵਿੱਖ ਲਈ ਸੁਭ ਇਛਾਵਾ ਦਿੱਤੀਆਂ ਗਈਆਂ। ਉਨ੍ਹਾਂ ਇਨਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਆਪਣੇ ਕਾਰੋਬਾਰ ਨੂੰ ਤਰੱਕੀ ਦੀਆਂ ਬੁਲੰਦੀਆਂ ’ਤੇ ਲੈ ਕੇ ਜਾਣ ਲਈ ਸਵਾਰੀਆਂ ਨੂੰ ਬਿਹਤਰੀਨ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ।