ਜਲੰਧਰ, 25 ਫਰਵਰੀ
ਰੈੱਡ ਕਰਾਸ ਸੋਸਾਇਟੀ ਜਲੰਧਰ ਵੱਲੋਂ ਅੱਜ ਰੈੱਡ ਕਰਾਸ ਭਵਨ ਵਿਖੇ ਸੈਨੇਟਰੀ ਨੈਪਕਿਨ ਵੈਂਡਿੰਗ ਮਸ਼ੀਨ ਲਗਾਈ ਗਈ, ਜਿਸ ਦਾ ਉਦਘਾਟਨ ਜੁਆਇੰਟ ਕਮਿਸ਼ਨਰ ਇਨਕਮ ਟੈਕਸ, ਜਲੰਧਰ ਡਾ. ਗਗਨ ਕੁੰਦਰਾ (ਆਈ.ਆਰ.ਐਸ.) ਵੱਲੋਂ ਕੀਤਾ ਗਿਆ।ਇਹ ਇਕ ਆਟੋਮੈਟਿਕ ਮਸ਼ੀਨ ਹੈ, ਜਿਸ ਵਿੱਚ 5 ਰੁਪਏ ਦਾ ਸਿੱਕਾ ਪਾ ਕੇ ਬਟਨ ਦਬਾ ਕੇ ਸੈਨਟਰੀ ਨੈਪਕਿਨ ਹਾਸਲ ਕੀਤਾ ਜਾ ਸਕਦਾ ਹੈ।ਇਸ ਮੌਕੇ ਡਾ. ਗਗਨ ਕੁੰਦਰਾ ਨੇ ਲੜਕੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹਾ ਉਪਰਾਲਾ ਉਹ ਜ਼ਿਲਾ ਸੰਗਰੂਰ ਵਿੱਚ ਵੀ ਕਰ ਚੁੱਕੇ ਹਨ ਅਤੇ ਜਲੰਧਰ ਵਿੱਚ ਇਹ ਪਹਿਲੀ ਮਸ਼ੀਨ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਸਥਾਪਿਤ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਰੈੱਡ ਕਰਾਸ ਵੱਲੋਂ ਜਲੰਧਰ ਦੇ ਹੋਰ ਪਿਛੜੇ ਇਲਾਕਿਆਂ ਅਤੇ ਬਸਤੀਆਂ ਵਿੱਚ ਵੀ ਅਜਿਹੀਆਂ ਮਸ਼ੀਨਾਂ ਲਗਾਈਆਂ ਜਾ ਰਹੀਆਂ ਹਨ । ਗਰੀਬ ਅਤੇ ਲੋੜਵੰਦ ਔਰਤਾਂ ਨੂੰ ਇਹ ਸੈਨਟਰੀ ਨੈਪਕਿਨ ਰੈੱਡ ਕਰਾਸ ਵੱਲੋਂ ਬਿਲਕੁਲ ਮੁਫ਼ਤ ਮੁਹੱਈਆ ਕਰਵਾਏ ਜਾਣਗੇ  ਉਨ੍ਹਾਂ ਕਿਹਾ ਕਿ ਇਹ ਇਕ ਸਮਾਜਿਕ ਜ਼ਰੂਰਤ ਹੈ। ਉਨ੍ਹਾਂ ਲੜਕੀਆਂ ਨੂੰ ਪ੍ਰੇਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਝਿਜਕ ਦੇ ਔਰਤਾਂ ਦੀ ਇਸ ਸਮੱਸਿਆ ਸਬੰਧੀ ਆਪਣੀਆਂ ਮਾਵਾਂ ਤੇ ਭੈਣਾਂ ਅਤੇ ਵੱਡਿਆਂ ਨਾਲ ਵਿਚਾਰ-ਵਟਾਂਦਰਾ ਕਰਕੇ ਆਪਣੀ ਅਤੇ ਦੂਸਰਿਆਂ ਦੀ ਸਫਾਈ ਸਬੰਧੀ ਪੂਰਨ ਤੌਰ ‘ਤੇ ਸੁਚੇਤ ਰਹਿਣਾ ਚਾਹੀਦਾ ਹੈ ।ਇਸ ਮੌਕੇ ਜ਼ਿਲਾ ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਇੰਦਰਦੇਵ ਸਿੰਘ ਨੇ ਦੱਸਿਆ ਕਿ ਰੈੱਡ ਕਰਾਸ ਸੁਸਾਇਟੀ ਵੱਲੋਂ ਲੜਕੀਆਂ ਦੀ ਭਲਾਈ ਅਤੇ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਮਸ਼ੀਨ ਲਗਵਾਉਣ ਦਾ ਉਪਰਾਲਾ ਕੀਤਾ ਗਿਆ ਹੈ। ਅਖੀਰ ਵਿੱਚ ਉਨ੍ਹਾਂ ਵੱਲੋਂ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਗਿਆ ।ਇਸ ਮੌਕੇ ਰੈੱਡ ਕਰਾਸ ਦੇ ਮੈਂਬਰ ਸ਼੍ਰੀਮਤੀ ਗੁਰਦੇਵ ਕੌਰ ਸਾਂਘਾ, ਸ਼੍ਰੀਮਤੀ ਪਰਮਿੰਦਰ ਬੇਰੀ, ਸ਼੍ਰੀਮਤੀ ਸੁਮਨ ਸਰੀਨ, ਸ਼੍ਰੀਮਤੀ ਵੀਨੂੰ ਕੰਬੋਜ, ਸ਼੍ਰੀਮਤੀ ਰੰਜਨਾ ਬਾਂਸਲ, ਸ਼੍ਰੀ ਸੰਜੇ ਸਭਰਵਾਲ ਐਡਵੋਕੇਟ ਅਤੇ ਪ੍ਰਿੰਸੀਪਲ ਆਈ. ਟੀ. ਆਈ. (ਲੜਕੀਆਂ) ਜਲੰਧਰ ਵੀ ਮੌਜੂਦ ਸਨ।