ਜਲੰਧਰ, 25 ਫਰਵਰੀ
ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਆਮ ਲੋਕਾਂ ਤੱਕ ਪੁੱਜਦਾ ਕਰਨ ਅਤੇ ਉਨ੍ਹਾਂ ਨੂੰ ਕਾਨੂੰਨੀ ਹੱਕਾਂ ਸਬੰਧੀ ਜਾਣਕਾਰੀ ਦੇਣ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਆਂਗਣਵਾੜੀ ਵਰਕਰਾਂ, ਸੁਪਰਵਾਈਜ਼ਰ ਸੀ.ਡੀ.ਪੀ.ਓਜ਼ ਦੀ ਟਰੇਨਿੰਗ ਅੱਜ ਸਮਾਪਤ ਹੋ ਗਈ, ਜਿਸ ਵਿੱਚ ਕੁੱਲ 670 ਵਰਕਰਾਂ ਨੇ ਭਾਗ ਲਿਆ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜੀ. ਐੱਸ. ਰੰਧਾਵਾ, ਜਿਨ੍ਹਾਂ ਨੂੰ ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਅਧੀਨ ਇਸ ਟਰੇਨਿੰਗ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ, ਨੇ ਦੱਸਿਆ ਕਿ ਇਸ 5 ਰੋਜ਼ਾ ਟਰੇਨਿੰਗ ਪ੍ਰੋਗਰਾਮ ਵਿਚ ਜ਼ਿਲ੍ਹੇ ਦੇ 11 ਬਲਾਕ ਦੀਆਂ ਆਗਂਣਵਾੜੀ ਵਰਕਰਾਂ, ਸੁਪਰਵਾਈਜ਼ਰ ਸੀ. ਡੀ. ਪੀ. ਓਜ਼ ਨੂੰ ਜਨਤਾ ਤੱਕ ਸਰਕਾਰੀ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਆਗਂਣਵਾੜੀ ਟਰੇਨਿੰਗ ਸੈਂਟਰ ਗਾਂਧੀ ਵਨਿਤਾ ਆਸ਼ਰਮ ਵਿਖੇ ਹਰ ਰੋਜ਼ 120 ਦੇ ਬੈਚ ਦੀ ਟਰੇਨਿੰਗ ਸ਼ੁਰੂ ਕੀਤੀ ਗਈ ਸੀ, ਜੋ ਕਿ ਅੱਜ ਸਮਾਪਤ ਹੋ ਗਈ ਹੈ ।
ਉਨ੍ਹਾਂ ਦੱਸਿਆ ਕਿ ਇਸ ਟਰੇਨਿੰਗ ਦੌਰਾਨ ਰਿਸੋਰਸ ਪਰਸਨਜ਼ ਵੱਲੋਂ ਵਕੀਲ ਹਰਲੀਨ ਕੌਰ, ਅਜੇ ਪਠਾਨੀਆ, ਜਗਨ ਨਾਥ ਸੀਨੀਅਰ ਸਹਾਇਕ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਮੁਆਵਜ਼ੇ ਤੇ ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਜਾਣਕਾਰੀ ਦਿੱਤੀ । ਸਿਵਲ ਹਸਪਤਾਲ ਵੱਲੋਂ ਦੀਪਕ ਕੋਅਰਡੀਨੇਟਰ ਨੇ ਪੀ ਐਨ ਡੀ ਟੀ ਐਕਟ ਸਬੰਧੀ ਅਤੇ ਫਾਰਮਸਿਸਟ ਸੋਨੀਆ ਨੇ ਸਰੀਰਕ ਸਫਾਈ ਤੇ ਕੁਪੋਸ਼ਣ ਸਬੰਧੀ ਜਾਣਕਾਰੀ ਦਿੱਤੀ। ਇਸੇ ਤਰ੍ਹਾਂ ਕਮਿਸ਼ਨਰੇਟ ਪੁਲਿਸ ਵੱਲੋਂ ਮਹਿਲਾ ਮਿੱਤਰ ਇੰਚਾਰਜ ਐੱਸ. ਆਈ. ਸੁਰਿੰਦਰ ਕੌਰ ਤੇ ਐੱਸ. ਆਈ. ਅਮਨਦੀਪ ਕੌਰ ਨੇ ਮਹਿਲਾ ਮਿੱਤਰ ਥਾਣੇ ਸਬੰਧੀ ਅਤੇ ਐੱਸ. ਐੱਸ. ਪੀ. ਦਿਹਾਤੀ ਵੱਲੋਂ ਮਹਿਲਾ ਮਿੱਤਰ ਇੰਚਾਰਜ ਐੱਸ ਆਈ ਅਰਸ਼ਪਰੀਤ ਕੌਰ ਨੇ ਔਰਤਾਂ ਦੇ ਹੱਕਾਂ ਸਬੰਧੀ ਜਾਣਕਾਰੀ ਦਿੱਤੀ।
ਇਸ ਤੋਂ ਇਲਾਵਾ ਸੰਦੀਪ ਕੁਮਾਰ ਲੀਗਲ ਪ੍ਰੋਬੇਸ਼ਨ ਅਫਸਰ ਨੇ ਬਾਲ ਵਿਆਹ ਰੋਕੂ ਕਾਨੂੰਨ 2006, ਗੋਦ ਲੈਣ ਦੀ ਕਾਨੂੰਨੀ ਪ੍ਰੀਕਿਰਿਆ ਅਤੇ ਪੋਕਸੋ ਐਕਟ ਆਦਿ ਸਬੰਧੀ ਜਾਣੂੰ ਕਰਵਾਇਆ।