ਫਗਵਾੜਾ, 2 ਮਾਰਚ (ਸ਼ਿਵ ਕੋੜਾ) ਪਿੰਡ ਪਲਾਹੀ ਵਿਖੇ 98 ਲੋਕਾਂ ਨੂੰ ਜੇ-ਫਾਰਮ ਅਤੇ ਸਮਾਰਟ ਕਾਰਡਾਂ ਉਤੇ ਅਧਾਰਿਤ ਸਿਹਤ ਬੀਮਾ ਕਾਰਡ ਗ੍ਰਾਮ ਪੰਚਾਇਤ ਪਲਾਹੀ ਵਲੋਂ ਵੰਡੇ ਗਏ। ਇਹਨਾ ਕਾਰਡ ਧਾਰਕਾਂ ਵਿੱਚ ਉਹ ਕਿਸਾਨ ਜਿਹਨਾ ਕੋਲ ਜੇ-ਫਾਰਮ ਸਨ ਅਤੇ ਜਿਹੜੇ ਸਰਕਾਰ ਕੋਲ ਮਾਰਕੀਟ ਕਮੇਟੀ ਰਾਹੀਂ ਔਨਲਾਈਨ ਕੀਤੇ ਗਏ ਹਨ ਅਤੇ ਜਿਹਨਾ ਕੋਲ ਸਮਾਰਟ ਕਾਰਡ ਬਣੇ ਹੋਏ ਸਨ ਅਤੇ ਜਿਹਨਾ ਨੂੰ ਸਰਕਾਰੀ ਰਾਸ਼ਨ ਮਿਲਦਾ ਹੈ , ਦੇ ਕਾਰਡ ਬਣਾਏ ਗਏ ਅਤੇ ਤਕਸੀਮ ਕੀਤੇ ਗਏ।ਇਹਨਾ ਕਾਰਡਾਂ ਦੀ ਵੰਡ ਗੁਰਦੁਆਰਾ ਗੁਰੂ ਰਵਿਦਾਸ ਜੀ ਮਹਾਰਾਜ ਵਿਖੇ ਨਗਰ ਪੰਚਾਇਤ ਦੇ ਮੈਂਬਰਾਂ ਰਵੀਪਾਲ ਪੰਚ ਪ੍ਰਧਾਨ ਗੁਰਦੁਆਰਾ ਗੁਰੂ ਰਵਿਦਾਸ ਜੀ, ਮਨੋਹਰ ਸਿੰਘ ਪੰਚ, ਰਾਮਪਾਲ ਪੰਚ, ਮਦਨ ਲਾਲ ਪੰਚ, ਸਤਵਿਦਰ ਕੌਰ ਪੰਚ, ਬਲਵਿੰਦਰ ਕੌਰ ਪੰਚ, ਸੁਖਵਿੰਦਰ ਸਿੰਘ ਸੱਲ ਵਲੋਂ ਕੀਤੀ ਗਈ। ਸਰਪੰਚ ਰਣਜੀਤ ਕੌਰ ਨੇ ਦੱਸਿਆ ਕਿ ਸਰਕਾਰੀ ਹਦਾਇਤਾਂ ਅਨੁਸਾਰ ਲਗਾਏ ਗਏ 28 ਫਰਵਰੀ ਤੱਕ ਦੇ ਕੈਂਪਾਂ ਵਿੱਚ ਪੰਚਾਇਤ ਵਲੋਂ ਇਹ ਕਾਰਡ ਬਣਵਾਏ ਗਏ ਅਤੇ ਔਨਲਾਈਨ ਕਰਵਾਏ ਗਏ। ਜਿਹਨਾ ਲੋਕਾਂ ਦੇ ਕਾਰਡ ਬਨਣ ਤੋਂ ਰਹਿ ਗਏ ਹਨ, ਉਹ ਸਰਕਾਰੀ ਹਦਾਇਤਾਂ ਅਨੁਸਾਰ ਅਗਲੀਆਂ ਤਾਰੀਖ਼ਾਂ ਨੂੰ ਬਣਵਾਏ ਜਾਣਗੇ।