ਫਗਵਾੜਾ 3 ਮਾਰਚ (ਸ਼਼ਿਵ ਕੋੋੜਾ) ਜੇਕਰ ਇਨਸਾਨ ਵਿਚ ਕੁੱਝ ਕਰ ਗੁਜਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਮੁਕਾਮ ਹਾਸਲ ਕਰਨ ਲਈ ਉਮਰ ਰੁਕਾਵਟ ਨਹੀਂ ਬਣਦੀ। ਇਸ ਵਿਸ਼ਵਾਸ ਦਾ ਪ੍ਰਤੱਖ ਪ੍ਰਮਾਣ ਪੇਸ਼ ਕੀਤਾ ਹੈ ਫਰੈਂਡਜ ਕਲੋਨੀ ਫਗਵਾੜਾ ਦੇ ਵਸਨੀਕ ਝਿਰਮਲ ਸਿੰਘ ਭਿੰਡਰ ਨੇ। ਸ੍ਰ. ਭਿੰਡਰ ਜੋ ਸਿਹਤ ਵਿਭਾਗ ਦੀ ਨੌਕਰੀ ਤੋਂ ਸੇਵਾ ਮੁਕਤ ਹੋਣ ਉਪਰੰਤ ਆਪਣੇ ਅੰਦਰਲੇ ਸ਼ੌਂਕ ਪੂਰੇ ਕਰਨ ਦੀ ਲਾਲਸਾ ਰੱਖਦੇ ਸਨ। ਉਹਨਾਂ ਦੀ ਰੁਚੀ ਖੇਡਾਂ ਵਿਚ ਹਮੇਸ਼ਾ ਰਹੀ ਪਰ ਜਿੰਦਗੀ ਦੇ ਰੁਝੇਵਿਆਂ ਅਤੇ ਪਰਿਵਾਰਕ ਜਿੰਮੇਵਾਰੀਆਂ ਦੇ ਬੰਨ੍ਹਣ ਦੀ ਵਜ੍ਹਾ ਨਾਲ ਸੇਵਾਮੁਕਤੀ ਤੱਕ ਆਪਣੇ ਸ਼ੌਂਕ ਦਬਾਅ ਕੇ ਰੱਖਣਾ ਉਹਨਾਂ ਦੀ ਮਜਬੂਰੀ ਸੀ। ਪਰ ਸੇਵਾ ਮੁਤੀ ਤੋਂ ਬਾਅਦ ਜਦੋਂ ਮੌਕਾ ਮਿਲਿਆ ਤਾਂ ਉਹਨਾਂ ਆਪਣੇ ਮੋਏ ਸ਼ੌਕ ਨੂੰ ਨਾ ਸਿਰਫ ਜਿੰਦਾ ਕੀਤਾ ਬਲਕਿ ਬੀਤੀ 27 ਤੇ 28 ਫਰਵਰੀ ਨੂੰ ਲਵਲੀ ਯੁਨੀਵਰਸਿਟੀ ਦੇ ਖੇਡ ਮੈਦਾਨ ਵਿਚ ਆਯੋਜਿਤ ਪੰਜਾਬ ਮਾਸਟਰਜ ਅਥਲੈਟਿਕਸ ਚੈਂਪੀਅਨਸ਼ਿਪ ਦੇ 60-65 ਉਮਰ ਵਰਗ ‘ਚ ਹਿੱਸਾ ਲੈਂਦਿਆਂ ਇਕ ਗੋਲਡ ਸਮੇਤ ਤਿੰਨ ਮੈਡਲ ਵੀ ਪ੍ਰਾਪਤ ਕੀਤੇ ਹਨ। ਗੱਲਬਾਤ ਕਰਦਿਆਂ 62 ਸਾਲ ਦੇ ਜਿੰਦਾ ਦਿਲ ਨੌਜਵਾਨ ਸ੍ਰ. ਝਿਰਮਲ ਸਿੰਘ ਭਿੰਡਰ ਨੇ ਦੱਸਿਆ ਕਿ ਜਦੋਂ ਉਹਨਾਂ ਬਜੁਰਗ ਖੇਡਾਂ ਵਿਚ ਹਿੱਸਾ ਲੈਣ ਲਈ ਕੋਸ਼ਿਸ਼ ਕੀਤੀ ਤਾਂ ਹਾਲਾਂਕਿ ਪਹਿਲੀ ਵਾਰ ਪ੍ਰਬੰਧਕਾਂ ਵਲੋਂ ਅਯੋਗ ਕਰਾਰ ਦੇ ਦਿੱਤਾ ਗਿਆ ਲੇਕਿਨ ਉਹਨਾਂ ਹੌਸਲਾ ਨਾ ਛੱਡਦੇ ਹੋਏ ਯੋਗ ਕੋਚ ਦੀ ਤਲਾਸ਼ ਕੀਤੀ ਜੋ ਅਥਲੈਟਿਕ ਕੋਚ ਸ੍ਰੀਮਤੀ ਸਤਵੰਤ ਕੌਰ ਦੇ ਰੂਪ ਵਿਚ ਪੂਰੀ ਹੋਈ। ਜਿਹਨਾਂ ਦੇ ਸੁਚੱਜੇ ਮਾਰਗ ਦਰਸ਼ਨ ਅਤੇ ਨਿਗਰਾਨੀ ਹੇਠ ਪ੍ਰੈਕਟਿਸ ਸ਼ੁਰੂ ਕੀਤੀ। ਅਖੀਰ ਸਖ਼ਤ ਮਿਹਨਤ ਤੋਂ ਬਾਅਦ ਪਹਿਲੇ ਸਾਲ ਹੀ ਸੂਬਾ ਪੱਧਰੀ ਮੁਕਾਬਲਿਆਂ ਵਿਚ ਹਿੱਸਾ ਲਿਆ ਅਤੇ ਤਿੰਨ ਮੈਡਲ ਝੋਲੀ ਪਾ ਕੇ ਪਰਮਾਤਮਾ ਨੇ ਉਹਨਾਂ ਦੀ ਮਿਹਨਤ ਨੂੰ ਰੰਗ ਚਾੜ੍ਹਿਆ ਹੈ। ਸ੍ਰ. ਭਿੰਡਰ ਨੇ ਦੱਸਿਆ ਕਿ ਉਹਨਾਂ ਨੂੰ ਐਲ.ਪੀ.ਯੂ. ਦੇ ਖੇਡ ਮੈਦਾਨ ‘ਚ ਹੋਏ ਜੈਵਲਿਨ ਥਰੋ ਵਿਚ ਗੋਲਡ ਮੈਡਲ, ਤਿੰਨ ਕਿੱਲੋਮੀਟਰ ਲੋਂਗ ਵਾਕ ਵਿਚ ਸਿਲਵਰ ਅਤੇ 100 ਮੀਟਰ ਦੌੜ ਵਿਚ ਕਾਂਸੇ ਦਾ ਤਮਗਾ ਪ੍ਰਾਪਤ ਹੋਇਆ ਹੈ। ਜੈਵਲਿਨ ਥਰੋ ਵਿਚ ਗੋਲਡ ਮੈਡਲ ਜਿੱਤਣ ਸਦਕਾ ਉਹਨਾਂ ਨੂੰ 20 ਤੋਂ 24 ਮਾਰਚ ਤੱਕ ਛਤੀਸਗੜ੍ਹ ਵਿਖੇ ਹੋਣ ਵਾਲੀ ਨੈਸ਼ਨਲ ਅਥਲੈਟਿਕਸ ਮੀਟ ਵਿਚ ਸਿੱਧੀ ਐਂਟਰੀ ਪ੍ਰਾਪਤ ਹੋਈ ਹੈ ਅਤੇ ਸ੍ਰ. ਭਿੰਡਰ ਉੱਥੇ ਵੀ ਗੋਲਡ ਮੈਡਲ ਜਿੱਤਣ ਦਾ ਦ੍ਰਿੜ੍ਹ ਨਿਸ਼ਚਾ ਕਰੀਂ ਬੈਠੇ ਹਨ। ਸ੍ਰ. ਝਿਰਮਲ ਸਿੰਘ ਭਿੰਡਰ ਦੀ ਇਸ ਪ੍ਰਾਪਤੀ ‘ਤੇ ਪਿ੍ਰੰਸੀਪਲ ਹਰਮੇਸ਼ ਲਾਲ ਘੇੜਾ, ਪਿ੍ਰੰਸੀਪਲ ਮਨਜੀਤ ਸਿੰਘ ਰਾਮਗੜ੍ਹੀਆ ਕਾਲਜ, ਸਾਬਕਾ ਪਿ੍ਰੰਸੀਪਲ ਸੁਰਿੰਦਰ ਸਿੰਘ ਅਤੇ ਸਾਬਕਾ ਨੈਸ਼ਨਲ ਕੁਸ਼ਤੀ ਕੌਚ ਪੀ.ਆਰ. ਸੌਂਧੀ ਨੇ ਸ਼ੁੱਭ ਇੱਛਾਵਾਂ ਦਿੰਦਿਆਂ ਕਿਹਾ ਕਿ ਉਹਨਾਂ ਦੀ ਪ੍ਰਾਪਤੀ ਫਗਵਾੜਾ ਵਾਸੀਆਂ ਲਈ ਮਾਣ ਵਾਲੀ ਗੱਲ ਹੈ ਅਤੇ ਦੂਸਰਿਆਂ ਲਈ ਪ੍ਰੇਰਣਾ ਦੇਣ ਵਾਲੀ ਵੀ ਹੈ। ਉਹਨਾਂ ਵਿਸ਼ਵਾਸ ਪ੍ਰਗਟਾਇਆ ਕਿ ਨੈਸ਼ਨਲ ਅਥਲੈਟਿਕਸ ਮੀਟ ਵਿਚ ਉਹਨਾਂ ਦਾ ਪ੍ਰਦਰਸ਼ਨ ਹੋਰ ਵੀ ਵਧੀਆ ਰਹੇਗਾ ਅਤੇ ਉਹ ਜਰੂਰ ਇਕ ਹੋਰ ਗੋਲਡ ਮੈਡਲ ਜਿੱਤ ਕੇ ਰਾਸ਼ਟਰ ਪੱਧਰ ‘ਤੇ ਪੂਰੇ ਭਾਰਤ ਵਿਚ ਫਗਵਾੜਾ ਦਾ ਨਾਮ ਰੌਸ਼ਨ ਕਰਨਗੇ।