ਜਲੰਧਰ 03 ਮਾਰਚ
ਸ਼ਹਿਰ ਦੀ ਸਭ ਤੋਂ ਪ੍ਰਮੁੱਖ ਪਾਰਕਾਂ ਵਿਚੋ ਨਿੱਕੂ ਪਾਰਕ ਵਿੱਚ ਵੱਖ-ਵੱਖ ਮਨੋਰੰਜਕ ਗਤੀਵਿਧੀਆ ਨੂੰ ਹੋਰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਪਾਰਕ ਨੂੰ ਨਵੀਂ ਦਿੱਖ ਦੇਣ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਇਸ ਗਰਮੀ ਦੇ ਮੌਸਮ ਵਿੱਚ ਆਉਣ ਵਾਲੇ ਲੋਕਾਂ ਨੂੰ ਨਵਾਂ ਅਨੁਭਵ ਮਹਿਸੂਸ ਹੋਵੇਗਾ। ਨਿੱਕੂ ਪਾਰਕ ਜੋ ਕਿ ਸ਼ਹਿਰ ਦਾ ਦਿਲ ਕਹੇ ਜਾਣ ਵਾਲੇ ਖੇਤਰ ਵਿੱਚ ਸਥਿਤ ਹੈ ਕੋਵਿਡ-19 ਮਹਾਂਮਾਰੀ ਕਰਕੇ ਪਿਛਲੇ ਇਕ ਸਾਲ ਤੋਂ ਬੰਦ ਰਹਿਣ ਕਰਕੇ ਦੇਖ ਭਾਲ ਦੀ ਘਾਟ ਹੋਣ ਕਰਕੇ ਖਸਤਾ ਹਾਲਤ ਵਿੱਚ ਸੀ। ਡਿਪਟੀ ਕਮਿਸ਼ਨਰ ਵਲੋਂ ਦੋ ਮਹੀਨੇ ਪਹਿਲਾਂ ਇਸ ਪਾਰਕ ਦਾ ਦੌਰਾ ਕਰਕੇ ਇਸ ਸ਼ਾਨਦਾਰ ਦਿੱਖ ਨੂੰ ਮੁੜ ਬਹਾਲ ਕਰਨ ਲਈ 5 ਲੱਖ ਰੁਪਏ ਦੇ ਫੰਡ ਜਾਰੀ ਕੀਤੇ ਗਏ ਸਨ।ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਇਸ ਪਾਰਕ ਨੂੰ ਨਵੀਂ ਦਿੱਖ ਦੇਣ ਤੋਂ ਇਲਾਵਾ ਪਿਛਲੇ ਦੋ ਮਹੀਨਿਆਂ ਤੋਂ ਇਸ ਦੀ ਮੁਰੰਮਤ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਪਾਰਕ ਵਿੱਚ ਸਾਰੇ ਝੂਲੇ ਅਤੇ ਸਲਾਈਡਾਂ ਜਿਸ ਵਿੱਚ ਮਨੋਰੰਜਕ ਬੱਸ, ਫ਼ੁਹਾਰੇ, ਰੇਲ, ਮਿਊਜ਼ਿਕ ਫ਼ੁਹਾਰੇ , ਫਲੱਡ ਲਾਈਟਾਂ ਅਤੇ ਹੋਰ ਚੀਜਾਂ ਨੂੰ ਚਾਲੂ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਾਰਕ ਵਿੱਚ ਰੰਗ-ਰੋਗਨ ਦਾ ਕੰਮ ਚੱਲ ਰਿਹਾ ਹੈ ਜਿਸ ਨੂੰ ਆਉਣ ਵਾਲੇ ਕੁਝ ਦਿਨਾਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨਿੱਕੂ ਪਾਰਕ ਦੇ ਸਾਰੇ ਕੰਮਾਂ ’ਤੇ 5,41,428 ਰੁਪਏ ਖ਼ਰਚੇ ਜਾ ਚੁੱਕੇ ਹਨ ਅਤੇ ਨਵੇਂ ਕੰਮਾਂ ਜਿਸ ਵਿੱਚ ਸੀ.ਸੀ.ਟੀ.ਵੀ. ਕੈਮਰੇ ਲਗਾਉਣਾ ਅਤੇ ਹੋਰ ਝੂਲਿਆਂ ਦੀ ਮੁਰੰਮਤ ਦਾ ਕੰਮ ਸ਼ਾਮਿਲ ਹੈ ਨੂੰ ਵੀ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਪਾਰਕ ਦੀ ਸ਼ਾਨਦਾਰ ਦਿੱਖ ਨੂੰ ਬਹਾਲ ਕਰਨ ਦੀ ਵਚੱਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਪਾਰਕ ਵਿੱਚ ਹੋਰ ਕੀਤੇ ਜਾਣ ਵਾਲੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ। ਇਸ ਤੋਂ ਪਹਿਲਾਂ ਡਿਪਟੀ ਕਮਿਸ਼ਨਰ ਵਲੋਂ ਪਾਰਕ ਦੀ ਸਾਂਭ ਸੰਭਾਲ ਨੂੰ ਯਕੀਨੀ ਬਣਾਉਣ ਲਈ ਜੁਆਇੰਟ ਕਮਿਸ਼ਨਰ ਨਗਰ ਨਿਗਮ ਹਰਚਰਨ ਸਿੰਘ ਦੀ ਪ੍ਰਧਾਨਗੀ ਹੇਠ ਕਮੇਟੀ ਦਾ ਵੀ ਗਠਨ ਕੀਤਾ ਜਾ ਚੁੱਕਾ ਹੈ। ਜੁਆਇੰਟ ਕਮਿਸ਼ਨਰ ਹਰਚਰਨ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਾਰਕ ਦੀ ਨੁਹਾਰ ਬਦਲਣ ਉਪਰੰਤ ਇਥੇ ਆਉਣ ਵਾਲਿਆਂ ਦੀ ਗਿਣਤੀ ਵਿੱਚ ਵੱਡਾ ਵਾਧਾ ਹੋਵੇਗਾ।