ਫਗਵਾੜਾ 22 ਮਾਰਚ (ਸ਼ਿਵ ਕੋੜਾ) ਆਜ਼ਾਦੀ ਪ੍ਰਵਾਨਿਆਂ ਦੀ ਦੇਸ਼ ਪ੍ਰਤੀ ਵੱਡੀ ਦੇਣ ਨੂੰ ਭੁਲਾਇਆ ਨਹੀਂ ਜਾ ਸਕਦਾ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਆਜ਼ਾਦੀ ਸੰਗਰਾਮ ਵਿੱਚ ਜੋ ਯੋਗਦਾਨ ਪਾਇਆ ਉਸਦੀ ਦੁਨੀਆ ਵਿਚ ਕੋਈ ਦੂਸਰੀ ਮਿਸਾਲ ਨਹੀਂ ਹੈ। ਇਹ ਵਿਚਾਰ ਦਲਜੀਤ ਸਿੰਘ ਸਹੋਤਾ ਆਨਰੇਰੀ ਮੈਂਬਰ, ਐਨ.ਆਰ.ਆਈ. ਕਮਿਸ਼ਨ ਪੰਜਾਬ ਨੇ ਸਰਬ ਨੌਜਵਾਨ ਸਭਾ ਵਲੋਂ ਸੁਖਵਿੰਦਰ ਸਿੰਘ ਪ੍ਰਧਾਨ ਦੀ ਅਗਵਾਈ ‘ਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਕਵੀ ਦਰਬਾਰ ਅਤੇ ਵਿਚਾਰ ਚਰਚਾ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਹੇ। ਉਹਨਾ ਨੇ ਪ੍ਰਵਾਸੀ ਪੰਜਾਬੀਆਂ ਦੇ ਯੋਗਦਾਨ ਦੀ ਪ੍ਰਸੰਸਾ ਵੀ ਕੀਤੀ ਤੇ ਕਿਹਾ ਕਿ ਪ੍ਰਵਾਸੀ ਖ਼ਾਸ ਕਰਕੇ ਪ੍ਰਵਾਸੀ ਪੰਜਾਬੀ ਦੇਸ਼ ਦੀ ਤਰੱਕੀ ਲਈ ਵਡੇਰਾ ਹਿੱਸਾ ਪਾ ਰਹੇ ਹਨ। ਵਿਚਾਰ ਚਰਚਾ ਦੌਰਾਨ ਪ੍ਰੋ: ਸੁਰਜੀਤ ਜੱਜ ਨੇ ਭਗਤ ਸਿੰਘ ਦੇ ਜੀਵਨ, ਵਿਚਾਰਧਾਰਾ ਸਬੰਧੀ ਵੱਖਰੇ ਪ੍ਰਖੇਪ ਵਿੱਚ ਸਰੋਤਿਆਂ ਨਾਲ ਸਾਂਝਾ ਪਾਈਆਂ। ਉਹਨਾ ਕਿਹਾ ਕਿ ਭਗਤ ਸਿੰਘ, ਮੌਜੂਦਾ ਦੌਰ ਵਿੱਚ ਵੀ ਲੋਕਾਂ ਦੇ ਪ੍ਰੇਰਨਾ ਸਰੋਤ ਹਨ। ਉਹ ਅਸਲ ਅਰਥਾਂ ਵਿੱਚ ਕਰਾਂਤੀਕਾਰੀ ਸਨ, ਜਿਹਨਾ ਦੇਸ਼ ਦੀ ਆਜ਼ਾਦੀ ਦੇ ਨਾਲ-ਨਾਲ ਲੋਕਾਂ ਦੀ ਹੋ ਰਹੀ ਲੁੱਟ-ਖਸੁੱਟ ਵਿਰੁੱਧ ਵੀ ਝੰਡਾ ਚੁੱਕਿਆ।  ਪਿ੍ਰੰਸੀਪਲ ਗੁਰਮੀਤ ਸਿੰਘ ਪਲਾਹੀ ਨੇ ਮੌਜੂਦਾ ਕਿਸਾਨ ਸੰਘਰਸ਼ ‘ਚ ਨੌਜਵਾਨਾਂ ਦੇ ਯੋਗਦਾਨ ਸਬੰਧੀ ਗੱਲ ਕਰਦਿਆਂ ਕਿਹਾ ਕਿ ਉਹ ਭਗਤ ਸਿੰਘ ਤੋਂ ਪ੍ਰੇਰਨਾ ਲੈਕੇ ਆਪਣੀ ਹੱਕ ਦੀ ਲੜਾਈ ਲਈ ਇਸ ਸੰਘਰਸ਼ ਵਿੱਚ ਕੁੱਦੇ ਹੋਏ ਹਨ।  ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਦਲਜੀਤ ਸਹੋਤਾ, ਸਾਹਿੱਤਕਾਰ ਗੁਰਮੀਤ ਸਿੰਘ ਪਲਾਹੀ, ਉਦਯੋਗਪਤੀ ਅਸ਼ਵਨੀ ਕੋਹਲੀ ਬਿਰਾਜਮਾਨ ਸਨ। ਇਸ ਸਮੇਂ ਕਰਵਾਏ ਗਏ ਕਵੀ ਦਰਬਾਰ ਵਿੱਚ ਜਸਪਾਲ ਜ਼ੀਰਵੀ, ਬਲਦੇਵ ਰਾਜ ਕੋਮਲ,   ਰਵਿੰਦਰ ਸਿੰਘ ਰਾਏ, ਦੇਵ ਰਾਜ ਦਾਦਰ, ਜਗਦੀਸ਼ ਰਾਣਾ  ਨੇ ਹਿੱਸਾ ਲਿਆ। ਕਵੀ ਦਰਬਾਰ ਦੀ ਪ੍ਰਧਾਨਗੀ ਪ੍ਰੋ: ਸੁਰਜੀਤ ਜੱਜ ਅਤੇ ਸਮਾਜ ਸੇਵਕ ਅਸ਼ੋਕ ਡੀਲਕਸ ਨੇ ਕੀਤੀ। ਸਕੇਪ ਸਾਹਿੱਤਕ ਸੰਸਥਾ ਦੇ ਪ੍ਰਧਾਨ ਰਵਿੰਦਰ ਚੋਟ ਨੇ ਵੀ ਆਪਣੇ ਵਿਚਾਰ ਰੱਖੇ। ਹੋਰਨਾ ਤੋਂ ਬਿਨ੍ਹਾਂ ਇਸ ਸਮੇਂ   ਡਾ. ਵਿਜੇ ਕੁਮਾਰ, ਉਂਕਾਰ ਜਗਦੇਵ, ਕੁਲਵੀਰ ਬਾਵਾ, ਨਰਿੰਦਰ ਸੈਣੀ, ਹਰਵਿੰਦਰ ਸਿੰਘ, ਸਾਹਿਬਜੀਤ ਸਾਬੀ, ਕੁਲਤਾਰ ਬਸਰਾ ਆਦਿ ਹਾਜ਼ਰ ਸਨ। ਇਸ ਸਮਾਗਮ ਦੀ ਸਟੇਜ ਸਕੱਤਰੀ ਪ੍ਰੋ: ਹਰਜਿੰਦਰ ਗੋਗਨਾ ਨੇ ਬਾਖ਼ੂਬੀ ਨਿਭਾਈ।