ਫਗਵਾੜਾ 29 ਮਾਰਚ (ਸ਼ਿਵ ਕੋੜਾ) ਸੀਨੀਅਰ ਭਾਜਪਾ ਆਗੂ ਅਤੇ ਸ਼ਹਿਰ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਕਾਰਪੋਰੇਸ਼ਨ ਫਗਵਾੜਾ ਉਪਰ ਸ਼ਹਿਰ ਦੇ ਕਰਵਾਏ ਜਾ ਰਹੇ ਵਿਕਾਸ ਵਿਚ ਕਮੀਸ਼ਨਖੌਰੀ ਦੀ ਖੁੱਲੀ ਖੇਡ ਹੋਣ ਦਾ ਸੰਗੀਨ ਦੋਸ਼ ਲਾਇਆ ਹੈ। ਅੱਜ ਇÎਥੇ ਗੱਲਬਾਤ ਦੌਰਾਨ ਸਾਬਕਾ ਮੇਅਰ ਖੋਸਲਾ ਨੇ ਕਿਹਾ ਕਿ ਕਾਰਪੋਰੇਸ਼ਨ ਵਲੋਂ ਬਣਾਈਆਂ ਜਾ ਰਹੀਆਂ ਸੜਕਾਂ ਵਿਚ ਬੇਹਦ ਘਟੀਆ ਦਰਜੇ ਦਾ ਮੈਟੀਰੀਅਲ ਵਰਤਿਆ ਜਾ ਰਿਹਾ ਹੈ ਅਤੇ ਵਿਭਾਗ ਦੇ ਅਧਿਕਾਰੀ ਅੱਖਾਂ ਮੀਟ ਕੇ ਸੜਕਾਂ ਨੂੰ ਪਾਸ ਕਰ ਰਹੇ ਹਨ। ਕਾਰਪੋਰੇਸ਼ਨ ਦੇ ਖਜਾਨੇ ਦੀ ਹੋ ਰਹੀ ਇਸ ਖੁੱਲੀ ਲੁੱਟ ਦੀ ਮਿਸਾਲ ਸ਼ਹਿਰ ਦੇ ਕਈ ਮੁਹੱਲਿਆਂ ਵਿਚ ਸਪਸ਼ਟ ਦੇਖੀ ਜਾ ਸਕਦੀ ਹੈ ਜਿੱਥੇ ਕਥਿਤ ਤੌਰ ਤੇ ਘਟੀਆ ਮੈਟੀਰੀਅਲ ਨਾਲ ਬਣਾਈਆਂ ਸੜਕਾਂ ਕੁੱਝ ਹੀ ਦਿਨਾਂ ਵਿਚ ਟੁੱਟਣੀਆਂ ਸ਼ੁਰੂ ਹੋ ਗਈਆਂ ਹਨ। ਉਹਨਾਂ ਕਿਹਾ ਕਿ ਕਾਰਪੋਰੇਸ਼ਨ ਫਗਵਾੜਾ ਵਲੋਂ ਦਾਅਵਾ ਕੀਤਾ ਜਾਂਦਾ ਹੈ ਕਿ ਖੁੱਲਾ ਟੈਂਡਰ ਲਗਾ ਕੇ ਸੜਕਾਂ ਦੇ ਠੇਕੇ ਦਿੱਤੇ ਜਾਂਦੇ ਹਨ ਪਰ ਇਹ ਸਿਰਫ ਅੱਖਾਂ ਵਿਚ ਘੱਟਾ ਪਾਉਣ ਵਾਲੀ ਗੱਲ ਹੈ ਕਿਉਂਕਿ ਸੱਤਾ ਧਿਰ ਦੇ ਕੁੱਝ ਚਹੇਤੇ ਠੇਕੇਦਾਰਾਂ ਨੂੰ ਹੀ ਸੜਕਾਂ ਦੀ ਉਸਾਰੀ ਦੇ ਠੇਕੇ ਮਿਲ ਰਹੇ ਹਨ ਜਿਹਨਾਂ ਨਾਲ ਕਥਿਤ ਤੌਰ ਤੇ ਅੰਦਰ ਖਾਤੇ ਕਮੀਸ਼ਨ ਦੀ ਸੈਟਿੰਗ ਹੈ। ਹੇਠਲੇ ਤੋਂ ਲੈ ਕੇ ਉਪਰਲੇ ਦਰਜੇ ਤੱਕ ਦੇ ਅਧਿਕਾਰੀਆਂ ਦੀ ਇਸ ਵਿਚ ਮਿਲੀਭੁਗਤ ਹੋਣ ਦਾ ਖਦਸ਼ਾ ਪ੍ਰਗਟਾਉਂਦੇ ਹੋਏ ਸਾਬਕਾ ਮੇਅਰ ਨੇ ਕਿਹਾ ਕਿ ਜੇਕਰ ਸੜਕਾਂ ਦੀ ਉਸਾਰੀ ਵਿਚ ਘਟੀਆ ਮੈਟੀਰੀਅਲ ਦੀ ਵਰਤੋਂ ਨਹੀਂ ਕੀਤੀ ਗਈ ਤਾਂ ਇਹ ਸੜਕਾਂ ਇੰਨੀ ਜਲਦੀ ਟੁੱਟ ਕਿਸ ਤਰ੍ਹਾਂ ਸਕਦੀਆਂ ਹਨ ਅਤੇ ਜੇਕਰ ਘਟੀਆ ਮੈਟੀਰੀਅਲ ਵਰਤਿਆ ਗਿਆ ਹੈ ਤਾਂ ਫਿਰ ਅਧਿਕਾਰੀਆਂ ਵਲੋਂ ਸੜਕਾਂ ਨੂੰ ਪਾਸ ਕਿਸ ਅਧਾਰ ਤੇ ਕੀਤਾ ਗਿਆ ਹੈ? ਉਹਨਾਂ ਐਸ.ਡੀ.ਐਮ. ਫਗਵਾੜਾ, ਡਿਪਟੀ ਕਮੀਸ਼ਨਰ ਕਪੂਰਥਲਾ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਤੋਂ ਪੁਰਜੋਰ ਮੰਗ ਕੀਤੀ ਕਿ ਇਸ ਸਾਰੀ ਘਪਲੇਬਾਜੀ ਦੀ ਜਾਂਚ ਵਿਜੀਲੈਂਸ ਅਤੇ ਜਰੂਰੀ ਹੋਵੇ ਤਾਂ ਸੀ.ਬੀ.ਆਈ ਤੋਂ ਵੀ ਜਾਂਚ ਕਰਵਾਈ ਜਾਵੇ ਤਾਂ ਜੋ ਕਾਰਪੋਰੇਸ਼ਨ ਦੇ ਭ੍ਰਿਸ਼ਟਚਾਰ ਦੀ ਪੋਲ ਖੁਲ ਸਕੇ ਅਤੇ ਇਸ ਗੋਲਮਾਲ ਵਿਚ ਸ਼ਾਮਲ ਭ੍ਰਿਸ਼ਟ ਅਧਿਕਾਰੀਆਂ ਅਤੇ ਸਿਆਸੀ ਆਗੂਆਂ ਤੋਂ ਜਨਤਾ ਦੇ ਪੈਸੇ ਦੀ ਲੁੱਟ ਦਾ ਹਿਸਾਬ ਵਸੂਲ ਕੀਤਾ ਜਾ ਸਕੇ। ਜਿਕਰਯੋਗ ਹੈ ਕਿ ਮੇਅਰ ਖੋਸਲਾ ਨੇ ਇਸ ਤੋਂ ਪਹਿਲਾਂ ਸ਼ਹਿਰ ਵਿਚ ਸਰਕਾਰੀ ਸਟਰੀਟ ਲਾਈਟਾਂ ਲਗਾਉਣ ਵਿਚ ਘੋਟਾਲੇ ਦਾ ਦੋਸ਼ ਲਾਉਂਦਿਆਂ ਦੱਸਿਆ ਸੀ ਕਿ ਕਾਰਪੋਰੇਸ਼ਨ ਵਲੋਂ 800 ਰੁਪਏ ਵਾਲੀ ਸਟ੍ਰੀਟ ਲਾਈਟ 2400 ਰੁਪਏ ਵਿਚ ਖਰੀਦੀ ਜਾ ਰਹੀ ਹੈ ਅਤੇ ਇਹ ਮਾਮਲਾ ਸ਼ਹਿਰ ਵਿਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਸੀ ‘ਤੇ ਵਿਭਾਗੀ ਅਧਿਕਾਰੀਆਂ ਪਾਸ ਇਸ ਦੋਸ਼ ਦਾ ਖੰਡਨ ਕਰਨ ਲਈ ਸ਼ਬਦਾਂ ਦੀ ਘਾਟ ਸਪਸ਼ਟ ਨਜ਼ਰ ਆ ਰਹੀ ਸੀ। ਹੁਣ ਜਦਕਿ ਸੜਕਾਂ ਦੀ ਉਸਾਰੀ ਵਿਚ ਭ੍ਰਿਸ਼ਟਾਚਾਰ ਦਾ ਖੁੱਲਾ ਦੋਸ਼ ਸਾਬਕਾ ਮੇਅਰ ਅਰੁਣ ਖੋਸਲਾ ਵਲੋਂ ਲਗਾਇਆ ਜਾ ਰਿਹਾ ਹੈ ਤਾਂ ਇਸ ਦੀ ਜਾਂਚ ਹੋਣੀ ਜਰੂਰੀ ਹੈ ਕਿਉਂਕਿ ਧੂਆਂ ਤਾਂ ਹੀ ਉੱਠਦਾ ਹੈ ਜੇਕਰ ਕਿਧਰੇ ਕੋਈ ਚਿੰਗਾਰੀ ਫੁੱਟ ਰਹੀ ਹੋਵੇ। ਦੇਖਣਾ ਇਹ ਹੋਵੇਗਾ ਕਿ ਕਾਰਪੋਰੇਸ਼ਨ ਫਗਵਾੜਾ ਦੇ ਸੀਨੀਅਰ ਅਧਿਕਾਰੀ ਅਤੇ ਨਿਗਮ ਕਮੀਸ਼ਨਰ ਰਾਜੀਵ ਵਰਮਾ ਦਾ ਇਸ ਮਾਮਲੇ ਵਿਚ ਰੁਖ ਕੀ ਰਹਿੰਦਾ ਹੈ!