ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿਖੇ ਉੱਘੇ ਸਿੱਖਿਆ ਸ਼ਾਸਤਰੀ ਅਧਿਆਪਕ ਤੇ ਪ੍ਰਸ਼ਾਸਕ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਦੇ ਅਕਾਲ ਚਲਾਣੇ ’ਤੇ ਦੁੱਖ ਪ੍ਰਗਟ ਕਰਦਿਆਂ ਸ਼ੋਕ-ਸਭਾ ਰੱਖੀ ਗਈ। ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਇਸ ਮੌਕੇ ਕਿਹਾ ਕਿ ਪ੍ਰਿੰਸੀਪਲ ਇੰਦਰਜੀਤ ਸਿੰਘ ਦੇ ਦੁਖਦਾਈ ਵਿਛੋੜੇ ਨਾਲ ਸਿੱਖਿਆ ਅਤੇ ਲੋਕ ਕਲਾ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਉਹ ਹਜ਼ਾਰਾਂ ਪ੍ਰਤਿਭਾਵਾਨ ਵਿਦਿਆਰਥੀ ਕਲਾਕਾਰਾਂ ਦੇ ਰਹਿਬਰ ਸਨ ਅਤੇ ਉਹਨਾਂ ਦੀ ਉਤਸ਼ਾਹ ਵਰਧਕ ਅਗਵਾਈ ਨਾਲ ਅਣਗਿਣਤ ਪੰਜਾਬੀ ਬੱਚਿਆਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ। ਡਾ. ਸਮਰਾ ਨੇ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਰਦਾਰਨੀ ਬਲਬੀਰ ਕੌਰ ਵੱਲੋਂ ਪ੍ਰਿੰਸੀਪਲ ਇੰਦਰਜੀਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਡਾ. ਇੰਦਰਜੀਤ ਸਿੰਘ ਨੇ ਲਾਇਲਪੁਰ ਖ਼ਾਲਸਾ ਕਾਲਜ ਵਿਖੇ ਲੰਮਾ ਸਮਾਂ ਕਾਮਰਸ ਵਿਭਾਗ ਵਿਖੇ ਅਧਿਆਪਨ ਕਰਦਿਆਂ ਕਾਲਜ ਨੂੰ ਦਿੱਤੀਆ ਵਿਸ਼ੇਸ਼ ਸੇਵਾਵਾਂ ਦਿੱਤੀਆ ਅਤੇ ਵਿਦਿਆਰਥੀ ਕਲਾਕਾਰਾਂ ਖਾਸ ਤੌਰ ਤੇ ਪੰਜਾਬੀ ਲੋਕ ਨਾਚ ਦੇ ਖੇਤਰ ਦੇ ਕਲਾਕਾਰਾਂ ਦੀ ਪ੍ਰਤਿਭਾ ਨੂੰ ਨਿਖਾਰਨ ਵਿਚ ਯੋਗਦਾਨ ਪਾਇਆ। ਇਸ ਸ਼ੋਕ ਸਭਾ ਵਿਚ ਉਪਸਥਿਤ ਅਧਿਆਪਕ ਸਾਹਿਬਾਨ ਨੇ ਪ੍ਰਮਾਤਮਾ ਅੱਗੇ ਸਵਰਗੀ ਡਾ. ਇੰਦਰਜੀਤ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਅਤੇ ਉਨ੍ਹਾਂ ਦੇ ਪਰਿਵਾਰ ਤੇ ਸਨੇਹੀਆਂ ਨੂੰ ਇਸ ਵਡੇਰੇ ਦੁੱਖ ਨੁੰ ਸਹਿਣ ਦੀ ਸ਼ਕਤੀ ਪ੍ਰਦਾਨ ਕਰਨ ਲਈ ਅਰਦਾਸ ਬੇਨਤੀ ਕੀਤੀ। ਇਸ ਮੌਕੇ ਸਮੂਹ ਸਟਾਫ਼ ਮੈਂਬਰ ਮੌਜੂਦ ਸਨ।