ਫਗਵਾੜਾ 2 ਅਪ੍ਰੈਲ (ਸ਼ਿਵ ਕੋੜਾ) ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਹੁਣ ਕਾਰਪੋਰੇਸ਼ਨ ਫਗਵਾੜਾ ਵਲੋਂ ਬੋਗਸ ਟੈਂਡਰਾਂ ਰਾਹੀਂ ਫਰਜੀਵਾੜਾ ਕਰਨ ਦਾ ਦੋਸ਼ ਲਾਇਆ ਹੈ। ਅੱਜ ਇੱਥੇ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ ਕਾਂਗਰਸੀ ਵਾਰਡਾਂ ‘ਚ ਮੁਰੰਮਤ ਦੇ ਨਾਮ ਤੇ ਥੋੜੀ-ਥੋੜੀ ਰਕਮ ਦੇ ਬੋਗਸ ਟੈਂਡਰ ਲਗਾ ਕੇ ਕਾਰਪੋਰੇਸ਼ਨ ਦੇ ਖਜਾਨੇ ਨੂੰ ਲੁੱਟਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਹਲਕਾ ਵਿਧਾਇਕ ਅਤੇ ਉਹਨਾਂ ਦੇ ਨਜਦੀਕੀ ਆਗੂ ਦਾਅਵਾ ਕਰਦੇ ਹਨ ਕਿ ਹਰ ਵਾਰਡ ਦੇ ਵਿਕਾਸ ਉੱਪਰ ਲੱਖਾਂ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ ਤਾਂ ਫਿਰ ਛੋਟੇ-ਛੋਟੇ ਟੈਂਡਰ ਲਗਾ ਕੇ ਜਨਤਾ ਦੇ ਖਜਾਨੇ ਵਿਚੋਂ ਹਜਾਰਾਂ ਰੁਪਏ ਦੀ ਵਸੂਲੀ ਕਿਉਂ ਕੀਤੀ ਜਾ ਰਹੀ ਹੈ? ਉਹਨਾਂ ਇਹ ਵੀ ਕਿਹਾ ਕਿ ਵਾਰਡ ਪੱਧਰ ‘ਤੇ ਗਲੀਆਂ ਅਤੇ ਸੜਕਾਂ ਦੀ ਉਸਾਰੀ ਵਿਚ ਚਾਰ ਇੰਚ ਦੀ ਥਾਂ ਢਾਈ ਇੰਚ ਦੀ ਸੀ.ਸੀ. ਫਲੋਰਿੰਗ ਕੀਤੀ ਜਾ ਰਹੀ ਹੈ ਜਿਸ ਨਾਲ ਗਲੀਆਂ ਤੇ ਸੜਕਾਂ ਦੀ ਉਸਾਰੀ ਮੁਕੰਮਲ ਹੋਣ ਤੋਂ ਕੁੱਝ ਹੀ ਦਿਨਾਂ ‘ਚ ਇਹ ਗਲੀਆਂ ਤੇ ਸੜਕਾਂ ਟੁੱਟਣੀਆਂ ਸ਼ੁਰੂ ਹੋ ਜਾਂਦੀਆਂ ਹਨ। ਉਹਨਾਂ ਕਿਹਾ ਕਿ ਘਟੀਆ ਦਰਜੇ ਦੀਆਂ ਸੜਕਾਂ ਨੂੰ ਕਮੀਸ਼ਨ ਲੈ ਕੇ ਪਾਸ ਕੀਤਾ ਜਾ ਰਿਹਾ ਹੈ ਜੋ ਸਰਾਸਰ ਬੇਇਮਾਨੀ ਹੈ। ਉਹਨਾਂ ਫਗਵਾੜਾ ਕਾਰਪੋਰੇਸ਼ਨ ਦੀ ਘਟੀਆ ਕਾਰਜ ਪ੍ਰਣਾਲੀ ਦੀ ਇਕ ਵਾਰ ਫਿਰ ਵਿਜੀਲੈਂਸ ਅਤੇ ਸੀ.ਬੀ.ਆਈ. ਜਾਂਚ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਨਿਰਪੱਖ ਜਾਂਚ ਕੀਤੀ ਜਾਵੇ ਤਾਂ ਫਗਵਾੜਾ ਕਾਰਪੋਰੇਸ਼ਨ ਦੇ ਅਧਿਕਾਰੀਆਂ ਅਤੇ ਸ਼ਹਿਰ ਦੇ ਸੱਤਾ ਧਿਰ ਨਾਲ ਸਬੰਧਤ ਕੁੱਝ ਆਗੂਆਂ ਦੀ ਆਪਸੀ ਮਿਲੀਭੁਗਤ ਨਾਲ ਕੀਤੇ ਜਾ ਰਹੇ ਲੱਖਾਂ/ਕਰੋੜਾਂ ਰੁਪਏ ਦੇ ਘੋਟਾਲੇ ਦਾ ਪੜਦਾਫਾਸ਼ ਹੋ ਸਕਦਾ ਹੈ। ਇੱਥੇ ਜਿਕਰਯੋਗ ਹੈ ਕਿ ਸਾਬਕਾ ਮੇਅਰ ਅਰੁਣ ਖੋਸਲਾ ਪਹਿਲਾਂ ਵੀ ਫਗਵਾੜਾ ਕਾਰਪੋਰੇਸ਼ਨ ਦੀ ਕਾਰਜਸ਼ੈਲੀ ਨੂੰ ਸਵਾਲਾਂ ਦੇ ਘੇਰੇ ਵਿਚ ਖੜਾ ਕਰਦੇ ਰਹੇ ਹਨ ਪਰ ਨਾ ਤਾਂ ਸਬੰਧਤ ਅਧਿਕਾਰੀਆਂ ਵਲੋਂ ਉਹਨਾਂ ਦੇ ਦੋਸ਼ਾਂ ਦਾ ਕੋਈ ਢੁਕਵਾਂ ਸਪਸ਼ਟੀਕਰਣ ਦਿੱਤਾ ਜਾਂਦਾ ਹੈ ਤੇ ਨਾ ਹੀ ਪੰਜਾਬ ਸਰਕਾਰ ਇਹਨਾਂ ਦੋਸ਼ਾਂ ਨੂੰ ਗੰਭੀਰਤਾ ਨਾਲ ਲੈ ਕੇ ਕਥਿਤ ਭ੍ਰਿਸ਼ਟਾਚਾਰ ਦੀ ਜਾਂਚ ਕਰਵਾਉਣ ਲਈ ਗੰਭੀਰ ਨਜ਼ਰ ਆਉਂਦੀ ਹੈ। ਹੁਣ ਇਹ ਦੇਖਣਾ ਦਿਲਚਸਪ ਰਹੇਗਾ ਕਿ ਫਗਵਾੜਾ ‘ਚ ਮਈ/ਜੂਨ ਵਿਚ ਸੰਭਾਵਿਤ ਕਾਰਪੋਰੇਸ਼ਨ ਚੋਣਾਂ ਸਮੇਂ ਵੋਟਰ ਉਹਨਾਂ ਦੇ ਦੋਸ਼ਾਂ ਪ੍ਰਤੀ ਕਿੰਨੀ ਕੁ ਗੰਭੀਰਤਾ ਦਿਖਾਉਣਗੇ।