ਕਰਤਾਰਪੁਰ,19 ਅਪ੍ਰੈਲ ( )- ਲੰਘੀ ਕੱਲ੍ਹ ਪੁਲਿਸ ਹਿਰਾਸਤ ਵਿੱਚ ਜਤਿੰਦਰ ਸਿੰਘ ਵਾਸੀ ਮੁੱਦੋਵਾਲ ਵਲੋਂ ਆਤਮ ਹੱਤਿਆ ਕਰਨ ਦੇ ਮਸਲੇ ਸੰਬੰਧੀ ਵੱਖ-ਵੱਖ ਜਥੇਬੰਦੀਆਂ ਵਲੋਂ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਕੀਤੇ ਗਏ ਸੰਘਰਸ਼ ਸਦਕਾ ਅੰਸ਼ਕ ਜਿੱਤ ਹੋਣ ਉਪਰੰਤ ਸੰਘਰਸ਼ ਨੂੰ ਕੀਤਾ ਮੁਲਤਵੀ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਦੱਸਿਆ ਕਿ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕਰਕੇ ਹੋਏ ਫੈਸਲੇ ਤਹਿਤ ਮਿ੍ਤਕ ਨੌਜਵਾਨ ਦੇ ਪੀੜਤ ਪਰਿਵਾਰ ਨੂੰ ਪ੍ਰਸ਼ਾਸਨ ਵਲੋਂ 5 ਲੱਖ ਰੁਪਏ ਦਾ ਡਰਾਫਟ ਮੌਕੇ ਉੱਤੇ ਦਿੱਤਾ ਗਿਆ, ਮਿ੍ਤਕ ਨੌਜਵਾਨ ਦੀ ਮਾਤਾ ਅਮਰਜੀਤ ਵਲੋਂ ਉਹਨਾਂ ਦੇ ਲੜਕੇ ਨੂੰ ਆਤਮ ਹੱਤਿਆ ਲਈ ਮਜ਼ਬੂਰ ਕਰਨ ਜ਼ਿੰਮੇਵਾਰ ਅਧਿਕਾਰੀਆਂ, ਕਰਮਚਾਰੀਆਂ ਵਿਰੁੱਧ ਕਤਲ ਦਾ ਕੇਸ ਦਰਜ ਕਰਕੇ ਕਾਰਵਾਈ ਲਈ ਦਿੱਤੀ ਗਈ ਦਰਖ਼ਾਸਤ ਉੱਤੇ ਕਾਰਵਾਈ ਕਰਨ ਲਈ ਉੱਚ ਅਫਸਰਾਂ ਨੂੰ ਭੇਜਿਆ ਜਾਵੇਗਾ, ਥਾਣਾ ਮੁੱਖੀ ਆਤਮਜੀਤ ਸਿੰਘ ਸਮੇਤ ਚਾਰ ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਨੂੰ ਪਹਿਲਾਂ ਹੀ ਮੁਅੱਤਲ ਕਰ ਦਿੱਤਾ ਗਿਆ ਸੀ,ਪੀੜਤ ਪਰਿਵਾਰ ਦੇ ਇੱਕ ਹੋਰ ਨੌਜਵਾਨ ਨੂੰ ਪੜਤਾਲ ਕਰਕੇ ਕੇਸ ਚੋਂ ਰਿਹਾਅ ਕੀਤਾ ਜਾਵੇਗਾ।ਇਸ ਦੇ ਨਾਲ ਆਤਮ ਹੱਤਿਆ ਕਰਨ ਸੰਬੰਧੀ ਜਲਦੀ ਹੀ ਸਿਵਲ ਜੱਜ ਦੀ ਪੜਤਾਲੀਆਂ ਰਿਪੋਰਟ ਆਉਣ ਉੱਤੇ ਕੇਸ ਦਰਜ ਕਰਕੇ ਕਾਰਵਾਈ ਕਰਨ ਦਾ ਕਪਤਾਨ ਪੁਲਿਸ (ਡੀ) ਮਨਪ੍ਰੀਤ ਸਿੰਘ ਢਿੱਲੋਂ ਅਤੇ ਉੱਪ ਕਪਤਾਨ ਪੁਲਿਸ ਕ੍ਰਾਈਮ ਜਲੰਧਰ ਦਿਹਾਤੀ ਸੁਰਿੰਦਰਪਾਲ ਸਿੰਘ,ਉੱਪ ਪੁਲਿਸ ਕਪਤਾਨ ਕਰਤਾਰਪੁਰ ਸੁਖਪਾਲ ਸਿੰਘ ਰੰਧਾਵਾ ਵਲੋਂ ਧਰਨਾਕਾਰੀਆਂ ਵਿੱਚ ਆ ਕੇ ਭਰੋਸਾ ਦਿੱਤਾ ਗਿਆ।ਜਿਸ ਉੱਤੇ ਥਾਣੇ ਅੱਗੇ ਚੱਲ ਰਹੇ ਧਰਨੇ ਨੂੰ ਖ਼ਤਮ ਕਰਕੇ ਚੇਤਾਵਨੀ ਦਿੱਤੀ ਗਈ ਕਿ ਜੇਕਰ ਪ੍ਰਸ਼ਾਸਨ ਦਿੱਤੇ ਗਏ ਭਰੋਸੇ ਉੱਤੇ ਖਰਾ ਨਾ ਉਤਰਿਆ ਗਿਆ ਤਾਂ ਮੁੜ ਸੰਘਰਸ਼ ਕਰਨ ਲਈ ਮਜ਼ਬੂਰ ਹੋਵਾਂਗੇ।ਇਸ ਮੌਕੇ ਪੀੜਤ ਪਰਿਵਾਰ ਨੇ ਵੱਡੇ ਲੜਕੇ ਦੇ ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਕੱਲ੍ਹ ਮਿ੍ਤਕ ਨੌਜਵਾਨ ਦਾ ਸੰਸਕਾਰ ਕਰਨ ਦਾ ਐਲਾਨ ਵੀ ਕੀਤਾ। ਜ਼ਿਕਰਯੋਗ ਹੈ ਕਿ ਸਿਵਲ ਜੱਜ ਦੀ ਨਿਗਰਾਨੀ ਹੇਠ ਹੇਠ ਹੋਏ ਪੋਸਟਮਾਰਟਮ ਉਪਰੰਤ ਨੌਜਵਾਨ ਦੀ ਡੈੱਡ ਬਾਡੀ ਨੂੰ ਲੱਖਣ ਕੇ ਪੱਡਾ ਵਿਖੇ ਮੌਰਚਰੀ ਚ ਰੱਖਿਆ ਹੋਇਆ।ਅੱਜ ਤਾਜ਼ਾ ਪੁਲਿਸ ਨੂੰ ਪਰਚਾ ਦਰਜ ਕਰਨ ਲਈ ਦਿੱਤੀ ਦਰਖਾਸਤ ਵਿੱਚ ਮਿ੍ਤਕ ਨੌਜਵਾਨ ਦੀ ਮਾਤਾ ਅਮਰਜੀਤ ਨੇ ਦੱਸਿਆ ਕਿ ਮਿਤੀ 17 ਅਪ੍ਰੈਲ ਨੂੰ ਉਹ ਪਰਿਵਾਰ ਸਮੇਤ ਆਪਣੇ ਘਰ ਪਿੰਡ ਮੁੱਦੋਵਾਲ ਥਾਣਾ ਸੁਭਾਨਪੁਰ ਵਿਖੇ ਮੌਜੂਦ ਸਨ ਕਿ ਵਕਤ ਕਰੀਬ ਸਵੇਰੇ 6 ਵਜੇ ਦਾ ਹੋਵੇਗਾ ਥਾਣਾ ਕਰਤਾਰਪੁਰ ਦੀ ਪੁਲਿਸ ਦੇ 6-7 ਅਧਿਕਾਰੀ, ਕਰਮਚਾਰੀ ਜੋ ਕੇ ਵਰਦੀ ਵਿੱਚ ਸਨ ਵਲੋਂ ਥਾਣਾ ਸੁਭਾਨਪੁਰ ਦੀ ਪੁਲਿਸ ਨੂੰ ਬਿਨ੍ਹਾਂ ਨਾਲ ਲਿਆਂ ਉਸਦੇ ਘਰ ਰੇਡ ਕਰਕੇ ਗੈਰ-ਕਾਨੂੰਨੀ ਢੰਗ ਨਾਲ ਉਸਦੇ ਲੜਕੇ ਨੂੰ ਥਾਣਾ ਕਰਤਾਰਪੁਰ ਵਿਖੇ ਲਿਆ ਕੇ ਉਸਨੂੰ ਝੂਠੇ ਕੇਸ ਵਿੱਚ ਬੰਦ ਕਰ ਦਿੱਤਾ ਗਿਆ।ਉਸੇ ਸ਼ਾਮ ਉਹ ਥਾਣਾ ਕਰਤਾਰਪੁਰ ਵਿਖੇ ਹਵਾਲਾਤ ਵਿੱਚ ਬੰਦ ਆਪਣੇ ਲੜਕੇ ਨਾਲ ਮੁਲਾਕਾਤ ਕੀਤੀ ਤਾਂ ਉਨ੍ਹਾਂ ਨੂੰ ਉਹਨਾਂ ਦੇ ਲੜਕੇ ਨੇ ਦੱਸਿਆ ਕਿ ਮੇਰੇ ਨਾਲ ਪੁਲਿਸ ਨੇ ਕੁੱਟਮਾਰ ਕਰਦਿਆਂ ਬਹੁਤ ਵਧੀਕੀ ਕੀਤੀ ਅਤੇ ਧਮਕੀ ਦਿੱਤੀ ਹੈ ਕਿ ਤੇਰੇ ਉੱਤੇ ਏਨੇ ਕੇਸ ਪਾ ਦੇਣੇ ਹਨ ਤੂੰ ਸਾਰੀ ਉਮਰ ਜੇਲ ਤੋਂ ਬਾਹਰ ਨਹੀਂ ਸਕੇਗਾ। ਜਦੋਂ ਅਸੀਂ ਵਾਪਿਸ ਆਪਣੇ ਘਰ ਜਾਣ ਲੱਗੇ ਤਾਂ ਹਾਜ਼ਰ ਪੁਲਿਸ ਅਧਿਕਾਰੀ ਵਲੋਂ 2 ਹਜ਼ਾਰ ਰੁਪਏ ਦੀ ਨਜਾਇਜ਼ ਮੰਗ ਕੀਤੀ ਗਈ, ਜਦੋਂ ਅਸੀਂ ਇਨਕਾਰ ਕੀਤਾ ਤਾਂ ਸਾਨੂੰ ਬਹੁਤ ਹੀ ਗਾਲੀ ਗਲੋਚ ਕੀਤਾ ਗਿਆ, ਹਵਾਲਾਤ ਵਿੱਚ ਬੰਦ ਮੇਰੇ ਲੜਕੇ ਨੇ ਮਿੰਨਤ ਵੀ ਕੀਤੀ ਕਿ ਅੰਕਲ ਮੇਰੀ ਮੰਮੀ ਨੂੰ ਗਾਲ ਨਾ ਕੱਢੋ, ਲੇਕਿਨ ਸਾਨੂੰ ਦੋਨਾਂ ਪਤੀ ਪਤਨੀ ਨੂੰ ਧੱਕੇ ਮਾਰ ਕੇ ਜ਼ਲੀਲ ਕਰਦੇ ਹੋਏ ਥਾਣੇ ਚੋਂ ਬਾਹਰ ਕੱਢ ਦਿੱਤਾ ਗਿਆ। ਅਸੀਂ ਆਪਣੇ ਘਰ ਵਾਪਿਸ ਚਲੇ ਗਏ ਅਤੇ 18 ਅਪ੍ਰੈਲ ਨੂੰ ਸਵੇਰੇ ਹੀ ਸਾਡੇ ਪਿੰਡ ਦੇ ਵਸਨੀਕ ਰਾਹੀਂ ਸਾਨੂੰ ਸੂਚਿਤ ਕੀਤਾ ਗਿਆ ਕਿ ਤੁਹਾਡੇ ਲੜਕੇ ਨੇ ਆਤਮ ਹੱਤਿਆ ਕਰ ਲਈ ਹੈ।ਮੇਰੇ ਲੜਕੇ ਨੇ ਇਹ ਕਦਮ ਗ਼ੈਰ ਕਾਨੂੰਨੀ ਢੰਗ ਨਾਲ ਉਸਨੂੰ ਘਰੋਂ ਚੁੱਕ ਕੇ ਲਿਆਉਣ ਉਪਰੰਤ ਪੁਲਿਸ ਵਲੋਂ ਕੀਤੀ ਗਈ ਵਧੀਕੀ ਅਤੇ ਉਸਦੇ ਸਾਹਮਣੇ ਸਾਡੇ ਨਾਲ ਕੀਤੇ ਗਏ ਗਲਤ ਵਤੀਰੇ ਤੋਂ ਦੁੱਖੀ ਹੋ ਕੀਤਾ।ਇਸ ਕਰਕੇ ਕਸੂਰਵਾਰ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ।ਇਸ ਦਾ ਉਤਾਰਾ ਪੀੜਤ ਪਰਿਵਾਰ ਨੇ ਕੌਮੀ ਤੇ ਸੂਬਾਈ ਅਨੁਸੂਚਿਤ ਜਾਤੀਆਂ ਕਮਿਸ਼ਨ ਦਿੱਲੀ ਤੇ ਚੰਡੀਗੜ੍ਹ ਨੂੰ ਵੀ ਭੇਜਿਆ ਗਿਆ। ਜਥੇਬੰਦੀਆਂ ਵਲੋਂ ਵੀ ਲਿਖਤ ਵਿੱਚ ਇਨਸਾਫ਼ ਲਈ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਾ ਗਿਆ।ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਗੁਰਪ੍ਰੀਤ ਸਿੰਘ ਚੀਦਾ, ਬਲਵਿੰਦਰ ਕੌਰ ਦਿਆਲਪੁਰ, ਨੌਜਵਾਨ ਭਾਰਤ ਸਭਾ ਦੇ ਆਗੂ ਵੀਰ ਕੁਮਾਰ, ਦਲਿਤ ਆਗੂ ਲੱਕੀ ਅਟਵਾਲ, ਸ੍ਰੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਦੇ ਪ੍ਰਧਾਨ ਜੁਗਿੰਦਰ ਸਿੰਘ ਮਾਨ,ਯੂਥ ਏਕਤਾ ਦਲ ਦੇ ਪ੍ਰਧਾਨ ਪੰਕੁਜ ਕਲਿਆਣ, ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਦੇ ਸਰਪੰਚ ਗੁਰਨਾਮ ਸਿੰਘ,ਜਗੀਰ ਸਿੰਘ ਕਾਲਰੂ, ਰਿਸ਼ੀ ਨਾਹਰ,ਦਿਲਬਰ ਬੁੱਟਰ,ਬਸਪਾ ਆਗੂ ਬਲਵਿੰਦਰ ਕੁਮਾਰ ਆਦਿ ਨੇ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ।