ਫਗਵਾੜਾ 21 ਅਪ੍ਰੈਲ (ਸ਼ਿਵ ਕੋੜਾ) ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੌਂਸਲਰਾਂ ਵਲੋਂ ਅੱਜ ਸਾਬਕਾ ਮੇਅਰ ਅਰੁਣ ਖੋਸਲਾ ਦੀ ਅਗਵਾਈ ਹੇਠ ਐਸ.ਡੀ.ਐਮ. ਦਫਤਰ ਫਗਵਾੜਾ ਵਿਖੇ ਨਵੀਂਆਂ ਜਾਰੀ ਹੋਈਆਂ ਵੋਟਰ ਸੂਚੀਆਂ ਸਬੰਧੀ ਆਪੋ-ਆਪਣੇ ਇਤਰਾਜ਼ ਦੱਸੇ। ਜਿਸ ਤੇ ਐਸ.ਡੀ.ਐਮ. ਸ੍ਰੀਮਤੀ ਸ਼ਾਇਰੀ ਮਲਹੋਤਰਾ ਨੇ ਮੌਕੇ ਤੇ ਹੀ ਨਾਇਬ ਤਹਿਸੀਲਦਾਰ ਪਵਨ ਕੁਮਾਰ ਨੂੰ ਤਲਬ ਕੀਤਾ ਅਤੇ ਇਤਰਾਜਾਂ ਦੀ ਪੂਰਤੀ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਪੱਤਰਾਕਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੇਅਰ ਅਰੁਣ ਖੋਸਲਾ ਨੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਉਨ੍ਹਾਂ ਦੇ ਖਾਸ ਕਾਂਗਰਸੀ ਆਗੂਆਂ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਕਿ ਇਹ ਸਭ ਕੁੱਝ ਧਾਲੀਵਾਲ ਅਤੇ ਉਹਨਾਂ ਦੇ ਨਜਦੀਕੀ ਕਾਂਗਰਸੀ ਆਗੂਆਂ ਦੇ ਇਸ਼ਾਰੇ ਤੇ ਹੋ ਰਿਹਾ ਹੈ ਕਿਉਂਕਿ ਇਕ ਤਾਂ ਕਾਂਗਰਸੀ ਕੌਂਸਲਰਾਂ ਨੇ ਆਪਣੇ ਵਾਰਡਾਂ ਵਿਚ ਵਿਕਾਸ ਦਾ ਕੋਈ ਕੰਮ ਨਹੀਂ ਕਰਵਾਇਆ। ਜੇਕਰ ਕਿਸੇ ਵਾਰਡ ਵਿਚ ਕੋਈ ਕੰਮ ਹੋਇਆ ਹੈ ਤਾਂ ਢੰਗ ਸਿਰ ਨਹੀਂ ਕਰਵਾਇਆ ਗਿਆ ਤੇ ਲੋਕਾਂ ਵਿਚ ਭਾਰੀ ਨਰਾਜਗੀ ਹੈ। ਦੂਸਰਾ ਫਗਵਾੜਾ ਵਿਚ ਕਾਂਗਰਸ ਨੂੰ ਆਪਸੀ ਧੜੇਬੰਦੀ ਦੇ ਚਲਦਿਆਂ ਹਾਰ ਦਾ ਡਰ ਸਤਾ ਰਿਹਾ ਹੈ ਕਿਉਂਕਿ ਅਗਲੇ ਸਾਲ ਹੋਣ ਵਾਲੀਆਂ ਵਿਧਾਨਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਾਰਪੋਰੇਸ਼ਨ ਚੋਣ ‘ਚ ਹਾਰ ਨਾਲ ਵਿਧਾਇਕ ਧਾਲੀਵਾਲ ਦੇ ਅਕਸ ਨੂੰ ਠੇਸ ਲੱਗੇਗੀ। ਇਸੇ ਲਈ ਵਾਰ-ਵਾਰ ਵੋਟਰ ਸੂਚੀਆਂ ਨਾਲ ਛੇੜਛਾੜ ਕੀਤੀ ਜਾ ਰਹੀ ਹੈ ਤਾਂ ਜੋ ਇਤਰਾਜ ਲੱਗਦੇ ਰਹਿਣ ਅਤੇ ਚੋਣ ਟਲਦੀ ਰਹੇ। ਉਹਨਾਂ ਕਿਹਾ ਕਿ ਪਿਛਲੀ ਵੋਟਰ ਸੂਚੀ ਵਿਚ ਜੋ ਛੇੜਛਾਡ ਹੋਈ ਸੀ ਉਸਦੀ ਵਜ੍ਹਾ ਨਾਲ ਪੰਜਾਬ ਦੀਆਂ ਹੋਰ ਸਾਰੀਆਂ ਕਾਰਪੋਰੇਸ਼ਨਾਂ ਦੇ ਨਾਲ ਮਾਰਚ ਮਹੀਨੇ ‘ਚ ਹੋਣ ਵਾਲੀ ਫਗਵਾੜਾ ਕਾਰਪੋਰੇਸ਼ਨ ਦੀ ਚੋਣ ਮੁਲਤਵੀ ਹੋ ਗਈ। ਹੁਣ ਜੋ ਨਵੀਆਂ ਵੋਟਰ ਸੂਚੀਆਂ ਜਾਰੀ ਹੋਈਆਂ ਹਨ ਉਹਨਾਂ ਵਿਚ ਇਤਰਾਜਾਂ ਦੀ ਪੂਰਤੀ ਕਰਨ ਦੀ ਬਜਾਏ ਹੋਰ ਕਾਫੀ ਸਾਰੀਆਂ ਵੋਟਾਂ ਨਾਲ ਛੇੜਛਾੜ ਕਰਕੇ ਦੂਸਰੇ ਵਾਰਡਾਂ ਵਿਚ ਪਾ ਦਿੱਤੀਆਂ ਗਈਆਂ ਹਨ ਜਿਸ ਨੂੰ ਲੈ ਕੇ ਵੋਟਰਾਂ ਵਿਚ ਭਾਰੀ ਰੋਸ ਹੈ। ਸਾਬਕਾ ਮੇਅਰ ਖੋਸਲਾ ਨੇ ਦਲੀਲ ਦਿੱਤੀ ਕਿ ਲੋਕਲ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ਬਾਰੇ ਸਿਰਫ ਭਾਜਪਾ ਹੀ ਨੁਕਤਾਚੀਨੀ ਨਹੀਂ ਕਰ ਰਹੀ ਸਗੋਂ ਸਾਬਕਾ ਕੈਬਿਨੇਟ ਮੰਤਰੀ ਅਤੇ ਫਗਵਾੜਾ ਸੀਟ ਤੋਂ ਤਿੰਨ ਵਾਰ ਵਿਧਾਇਕ ਰਹੇ ਸ੍ਰ. ਜੋਗਿੰਦਰ ਸਿਘ ਮਾਨ ਵੀ ਇੱਥੋਂ ਦੇ ਪ੍ਰਸ਼ਾਸਨ ਨੂੰ ਲੈ ਕੇ ਸਵਾਲ ਖੜੇ ਕਰ ਰਹੇ ਹਨ। ਜਿਸ ਤੋਂ ਸਾਫ ਹੈ ਕਿ ਮੌਜੂਦਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਇਸ਼ਾਰੇ ਤੇ ਵੋਟਰ ਸੂਚੀਆਂ ਨਾਲ ਛੇੜਛਾੜ ਹੋ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਇਸ ਵਾਰ ਵੀ ਇਤਰਾਜਾਂ ਦੀ ਢੰਗ ਸਿਰ ਪੂਰਤੀ ਨਾ ਕੀਤੀ ਗਈ ਤਾਂ ਭਾਜਪਾ ਵਲੋਂ ਹੋਰ ਸਾਰੀਆਂ ਵਿਰੋਧੀ ਧਿਰਾਂ ਨਾਲ ਰਾਬਤਾ ਕਰਕੇ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਮੰਡਲ ਭਾਜਪਾ ਪ੍ਰਧਾਨ ਪਰਮਜੀਤ ਸਿੰਘ ਪੰਮਾ ਚਾਚੋਕੀ, ਸਾਬਕਾ ਕੌਂਸਲਰ ਬਲਭੱਦਰ ਸੇਨ ਦੁੱਗਲ, ਮਹਿੰਦਰ ਥਾਪਰ, ਚੰਦਰੇਸ਼ ਕੌਲ, ਪ੍ਰਮੋਦ ਮਿਸ਼ਰਾ, ਸੰਜੇ ਗਰੋਵਰ, ਜਸਵਿੰਦਰ ਕੌਰ, ਪ੍ਰਦੀਪ ਆਹੂਜਾ ਆਦਿ ਹਾਜਰ ਸਨ।