ਫਗਵਾੜਾ 22 ਅਪ੍ਰੈਲ (ਸ਼ਿਵ ਕੋੜਾ) ਸ੍ਰੋਮਣੀ ਅਕਾਲੀ ਦਲ (ਬ) ਦਾ ਇਕ ਵਫਦ ਹਲਕਾ ਇੰਚਾਰਜ ਜੱਥੇਦਾਰ ਸਰਵਨ ਸਿੰਘ ਕੁਲਾਰ ਦੀ ਅਗਵਾਈ ਹੇਠ ਤਹਿਸੀਲਦਾਰ ਫਗਵਾੜਾ ਹਰਕਰਮ ਸਿੰਘ ਨੂੰ ਮਿਲਿਆ। ਇਸ ਦੌਰਾਨ ਕਾਰਪੋਰੇਸ਼ਨ ਚੋਣਾਂ ਸਬੰਧੀ ਜਾਰੀ ਹੋਈਆਂ ਨਵੀਂਆਂ ਵੋਟਰ ਲਿਸਟਾਂ ਸਬੰਧੀ ਇਤਰਾਜ ਦਰਜ ਕਰਵਾਏ ਗਏ। ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਜੱਥੇਦਾਰ ਕੁਲਾਰ ਨੇ ਕਿਹਾ ਕਿ ਨਵੀਂਆਂ ਵੋਟਰ ਸੂਚੀਆਂ ਵਿਚ ਵੱਡੀ ਪੱਧਰ ਤੇ ਗੜਬੜ ਹੈ ਜੋ ਸੱਤਾ ਧਿਰ ਕਾਂਗਰਸ ਦੀ ਸਾਜਿਸ਼ ਅਧੀਨ ਕੀਤੀ ਗਈ ਜਾਪਦੀ ਹੈ ਕਿਉਂਕਿ ਤਕਰੀਬਨ ਹਰੇਕ ਵਾਰਡ ਵਿਚ ਕਾਫੀ ਸਾਰੀਆਂ ਵੋਟਾਂ ਜਾਂ ਕੱਟੀਆਂ ਗਈਆਂ ਹਨ ਤੇ ਜਾਂ ਦੂਸਰੇ ਵਾਰਡਾਂ ਵਿਚ ਪਾ ਦਿੱਤੀਆਂ ਗਈਆਂ ਹਨ। ਵੋਟਰਾਂ ਨੂੰ ਆਪਣੀ ਵੋਟ ਨਹੀਂ ਮਿਲ ਰਹੀ। ਕਈ ਵਾਰਡਾਂ ਵਿਚ ਤਾਂ ਪੂਰਾ ਇਲਾਕਾ ਹੀ ਲਿਸਟ ਵਿਚੋਂ ਗਾਇਬ ਕਰ ਦਿੱਤਾ ਗਿਆ ਹੈ। ਉਹਨਾਂ ਕਾਂਗਰਸ ਪਾਰਟੀ ਦੀ ਲੋਕਲ ਲੀਡਰਸ਼ਿਪ ਨੂੰ ਤਾੜਨਾ ਕਰਦਿਆਂ ਕਿਹਾ ਕਿ ਇਸ ਤ੍ਹਾਂ ਦੀ ਹੇਰਾ-ਫੇਰੀ ਨਾਲ ਕਾਰਪੋਰੇਸ਼ਨ ਉਪਰ ਕਬਜੇ ਦਾ ਮਨਸੂਬਾ ਕਦੇ ਪੂਰਾ ਨਹੀਂ ਹੋਵੇਗਾ ਕਿਉਂਕਿ ਫਗਵਾੜਾ ਦੇ ਵੋਟਰ ਸਿਆਣੇ ਹਨ ਜੋ ਸਭ ਕੁੱਝ ਦੇਖ ਰਹੇ ਹਨ ਅਤੇ ਸਮਾਂ ਆਉਣ ਤੇ ਆਪਣੇ ਵੋਟ ਦੇ ਅਧਿਕਾਰ ਨਾਲ ਇਸਦਾ ਢੁਕਵਾਂ ਜਵਾਬ ਦੇਣਗੇ। ਉਹਨਾਂ ਸਪਸ਼ਟ ਕਿਹਾ ਕਿ ਜਲਦੀ ਹੀ ਚੋਣ ਕਮੀਸ਼ਨ ਪਾਸ ਵੋਟਰ ਸੂਚੀਆਂ ਨਾਲ ਛੇੜਛਾੜ ਦੀ ਸ਼ਿਕਾਇਤ ਦਰਜ ਕਰਵਾਈ ਜਾਵੇਗੀ। ਇਸ ਮੌਕੇ ਸਰਕਲ ਪ੍ਰਧਾਨ ਸਤਨਾਮ ਸਿੰਘ ਅਰਸ਼ੀ, ਸੀਨੀਅਰ ਆਗੂ ਹਰਵਿੰਦਰ ਸਿੰਘ ਵਾਲੀਆ, ਧਰਮਿੰਦਰ ਕੁਮਾਰ ਟੋਨੀ, ਸ਼ਿੰਗਾਰਾ ਸਿੰਘ, ਸਾਬਕਾ ਕੌਂਸਲਰ ਪਰਮਜੀਤ ਕੌਰ ਕੰਬੋਜ, ਗੁਰਮੁਖ ਸਿੰਘ ਤੋਂ ਇਲਾਵਾ ਸਮੂਹ ਅਕਾਲੀ ਕੌਂਸਲਰ ਅਤੇ ਵਰਕਰ ਹਾਜਰ ਸਨ।