ਫਗਵਾੜਾ 4 ਮਈ (ਸ਼਼ਿਵ ਕੋੋੜਾ) ਨਗਰ ਨਿਗਮ ਫਗਵਾੜਾ ਦੇ ਸਾਬਕਾ ਮੇਅਰ ਅਤੇ ਸੀਨੀਅਰ ਭਾਜਪਾ ਆਗੂ ਅਰੁਣ ਖੋਸਲਾ ਨੇ ਪੰਜਾਬ ‘ਚ ਵੱਧਦੇ ਕੋਰੋਨਾ ਦੇ ਕੇਸਾਂ ਨੂੰ ਦੇਖਦੇ ਹੋਏ ਸੂਬੇ ਦੀ ਕੈਪਟਨ ਸਰਕਾਰ ਵਲੋਂ ਰੋਕਥਾਮ ਦੇ ਪੁਖਤਾ ਪ੍ਰਬੰਧ ਨਾ ਕਰਨ ਦਾ ਦੋਸ਼ ਲਾਉਂਦਿਆਂ ਅੱਜ ਕਿਹਾ ਕਿ ਲੋਕ ਕੋਰੋਨਾ ਨਾਲ ਮਰ ਰਹੇ ਹਨ ਤੇ ਸਰਕਾਰ ਚੁਪਚਾਪ ਤਮਾਸ਼ਾ ਦੇਖ ਰਹੀ ਹੈ। ਉਹਨਾਂ ਕਿਹਾ ਕਿ ਜਿਲ੍ਹਾ ਕਪੂਰਥਲਾ ਵਿਚ ਹੀ ਇਕ ਹਜਾਰ ਤੋਂ ਵੱਧ ਲੋਕ ਕੋਵਿਡ ਨਾਲ ਪੀੜ੍ਹਤ ਹਨ ਅਤੇ ਸੈਂਕੜੇ ਲੋਕ ਜਿੰਦਗੀ ਗੁਆ ਚੁੱਕੇ ਹਨ ਪਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ਦੇ ਕਿਸੇ ਵਾਰਡ ਜਾਂ ਪਿੰਡਾਂ ਦੇ ਕਿਸੇ ਮੁਹੱਲੇ ਵਿਚ ਸੈਨੀਟਾਇਜਰ ਛਿੜਕਾਅ ਨਹੀਂ ਕਰਵਾਇਆ ਗਿਆ ਹੈ ਤੇ ਨਾ ਹੀ ਮੁਨਾਦੀ ਜਾਂ ਕਿਸੇ ਹੋਰ ਸਾਧਨ ਰਾਹੀਂ ਪ੍ਰਚਾਰ ਮੁਹਿਮ ਚਲਾ ਕੇ ਜਨਤਾ ਨੂੰ ਜਾਗਰੁਕ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਿਛਲੇ ਸਾਲ ਜਦੋਂ ਕੋਰੋਨਾ ਦੀ ਸ਼ੁਰੂਆਤ ਹੋਈ ਸੀ ਤਾਂ ਕੇਂਦਰ ਦੀ ਮੋਦੀ ਸਰਕਾਰ ਨੇ ਪੂਰੇ ਦੇਸ਼ ਵਿਚ ਲਾਕਡਾਉਨ ਲਗਾ ਕੇ ਇਸ ਬਿਮਾਰੀ ਨਾਲ ਲੜਨ ਦੇ ਉਪਕਰਣਾਂ ਦਾ ਪ੍ਰਬੰਧ ਕੀਤਾ। ਗਰੀਬਾਂ ਨੂੰ ਬੈਂਕ ਖਾਤਿਆਂ ਵਿਚ ਨਗਦੀ ਅਤੇ ਘਰਾਂ ਵਿਚ ਰਾਸ਼ਨ ਦੀਆਂ ਕਿੱਟਾਂ ਹੀ ਨਹੀਂ ਬਲਕਿ ਰਸੋਈ ਗੈਸ ਸਿਲੰਡਰ ਭਰਵਾਉਣ ਲਈ ਵੀ ਪੈਸੇ ਭੇਜੇ। ਉਸ ਸਮੇਂ ਕਾਂਗਰਸ ਪਾਰਟੀ ਅਤੇ ਕੈਪਟਨ ਸਰਕਾਰ ਕੇਂਦਰ ਉਪਰ ਸੂਬਿਆਂ ‘ਚ ਗੈਰ ਜਰੂਰੀ ਦਖਲ ਦੇਣ ਦਾ ਦੋਸ਼ ਲਗਾ ਰਹੇ ਸੀ ਪਰ ਹੁਣ ਜਦੋਂ ਮੋਦੀ ਸਰਕਾਰ ਨੇ ਸੂਬਿਆਂ ਨੂੰ ਆਪਣੇ ਪੱਧਰ ਤੇ ਬਿਮਾਰੀ ਨਾਲ ਲੜਨ ਦੀ ਛੂਟ ਦਿੱਤੀ ਹੈ ਤਾਂ ਕੈਪਟਨ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ। ਖੋਸਲਾ ਨੇ ਕਿਹਾ ਕਿ ਮੋਦੀ ਸਰਕਾਰ ਤਾਂ ਹੁਣ ਵੀ ਅੱਸੀ ਕਰੋੜ ਜਨਤਾ ਨੂੰ ਫਰੀ ਰਾਸ਼ਨ ਦੇਣ ਜਾ ਰਹੀ ਹੈ ਪਰ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਦੱਸਣਾ ਚਾਹੀਦਾ ਹੈ ਕਿ ਸੂਬੇ ਦੇ ਲੋਕਾਂ ਨੂੰ ਨਗਰ ਆਰਥਕ ਸਹਾਇਤਾ ਜਾਂ ਰਾਸ਼ਨ ਦੀ ਵੰਡ ਵਰਗੀ ਕਿਹੜੀ ਸਹੂਲਤ ਸੂਬਾ ਪੱਧਰ ਤੇ ਦਿੱਤੀ ਜਾ ਰਹੀ ਹੈ।