ਫਗਵਾੜਾ
12 ਮਈ (ਸ਼਼ਿਵ ਕੋੋੜਾ) ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਲੋਡਵੰਦ ਗਰੀਬਾਂ ਦੇ ਕੱਚੇ ਮਕਾਨਾ ਨੂੰ ਪੱਕਾ ਕਰਨ ਤੇ ਬਾਲੇ ਛੱਤਾਂ ਆਦਿ ਬਦਲਾਉਣ ਸਬੰਧੀ ਸਕੀਮ ਤਹਿਤ ਹਲਕਾ ਵਿਧਾਨਸਭਾ ਫਗਵਾੜਾ ਨੂੰ ਪੰਜਾਹ ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਸ਼ਹਿਰ ਦੇ ਸਾਬਕਾ ਮੇਅਰ ਅਤੇ ਸੀਨੀਅਰ ਭਾਜਪਾ ਆਗੂ ਅਰੁਣ ਖੋਸਲਾ ਨੇ ਅੱਜ ਇੱਥੇ ਦਿੱਤੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਦੀ ਬਦੌਲਤ ਇਹ ਗ੍ਰਾਂਟ ਦੀ ਅਗਲੀ ਕਿਸ਼ਤ ਜਾਰੀ ਹੋਈ ਹੈ। ਸਕੀਮ ਦੇ ਲਾਭਪਾਤਰੀ ਆਪਣੀ ਫਾਈਲ ਲੈ ਕੇ ਨਗਰ ਨਿਗਮ ਫਗਵਾੜਾ ਦੇ ਬਿਲਡਿੰਗ ਵਿਭਾਗ ‘ਚ ਸਬੰਧਤ ਅਧਿਕਾਰੀਆਂ ਨਾਲ ਰਾਬਤਾ ਕਰਨ। ਜਿਹਨਾਂ ਲਾਭ ਪਾਤਰੀਆਂ ਨੂੰ ਪਹਿਲੀ ਜਾਂ ਦੂਸਰੀ ਕਿਸ਼ਤ ਪ੍ਰਾਪਤ ਹੋ ਚੁੱਕੀ ਹੈ ਉਹ ਪੰਜਾਹ ਹਜਾਰ ਰੁਪਏ ਦੀ ਅਗਲੀ ਕਿਸ਼ਤ ਲੈ ਸਕਦੇ ਹਨ। ਅਧਿਕਾਰੀਆਂ ਦੀ ਮੰਨਜੂਰੀ ਤੋਂ ਬਾਅਦ ਕਿਸ਼ਤ ਦੀ ਰਕਮ ਲਾਭ ਪਾਤਰੀਆਂ ਦੇ ਖਾਤੇ ਵਿਚ ਆਨਲਾਈਨ ਟਰਾਂਸਫਰ ਕਰ ਦਿੱਤੀ ਜਾਵੇਗੀ। ਇਹ ਰਕਮ ਨਗਦੀ ਜਾਂ ਚੈਕ ਰਾਹੀਂ ਅਦਾ ਨਾ ਕਰਕੇ ਸਿੱਧੇ ਲਾਭ ਪਾਤਰੀ ਦੇ ਜਨ-ਧਨ ਬੈਂਕ ਖਾਤੇ ਵਿਚ ਪਾਈ ਜਾਵੇਗੀ। ਉਹਨਾਂ ਕਿਹਾ ਕਿ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੋਰੋਨਾ ਨਾਲ ਜੂਝਦੇ ਹੋਏ ਵੀ ਹਲਕਾ ਹੁਸ਼ਿਆਰਪੁਰ ਅਤੇ ਖਾਸ ਤੌਰ ਤੇ ਫਗਵਾੜਾ ਦੇ ਲੋਕਾਂ ਲਈ ਹਮੇਸ਼ਾ ਫਿਕਰਮੰਦ ਰਹੇ। ਉਹਨਾਂ ਦਾ ਫਗਵਾੜਾ ਦੇ ਲੋਕਾਂ ਨਾਲ ਖਾਸ ਪਿਆਰ ਰਿਹਾ ਹੈ ਅਤੇ ਫਗਵਾੜਾ ਵਾਸੀਆਂ ਦੀਆਂ ਦੁਆਵਾਂ ਸਦਕਾ ਉਹ ਹੁਣ ਕੋਰੋਨਾ ਨੂੰ ਮਾਤ ਦੇ ਕੇ ਜਨਤਾ ਦੀ ਸੇਵਾ ਵਿਚ ਦੁਬਾਰਾ ਸਰਗਰਮ ਹੋ ਰਹੇ ਹਨ।