ਚੰਡੀਗੜ੍ਹ :  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬੇਲੋੜਾ ਟਕਰਾਅ ਪੈਦਾ ਕਰਨ ਵਾਲੇ ਪਾਰਟੀ ਦੇ ਹੀ ਵਿਧਾਇਕ ਖਿਲਾਫ ਸਖਤ ਰੁਖ ਅਪਣਾਉਂਦਿਆਂ ਬੁੱਧਵਾਰ ਨੂੰ ਪੰਜਾਬ ਦੇ ਹੋਰ ਕੈਬਨਿਟ ਮੰਤਰੀਆਂ ਨੇ ਪੰਜਾਬ ਕਾਂਗਰਸ ਦੇ ਆਗੂਆਂ ਨਾਲ ਇਕਸੁਰ ਮਿਲਾਈ ਅਤੇ ਪਾਰਟੀ ਹਾਈ ਕਮਾਂਡ ਕੋਲ ਨਵਜੋਤ ਸਿੱਧੂ ਖਿਲਾਫ ਸਖਤ ਅਨੁਸ਼ਾਸਣੀ ਕਾਰਵਾਈ ਕਰਨ ਦੀ ਮੰਗ ਰੱਖੀ।

ਸਿੱਧੂ ਵੱਲੋਂ ਉਤੇਜਕ ਹੋ ਕੇ ਪਿਛਲੇ ਕੁਝ ਦਿਨਾਂ ਤੋਂ ਕੈਪਟਨ ਅਮਰਿੰਦਰ ਸਿੰਘ ਉਤੇ ਨਿਸ਼ਾਨਾ ਸੇਧ ਕੇ ਕੀਤੇ ਜਾ ਰਹੇ ਹਮਲਿਆਂ ਨੂੰ ਕਾਂਗਰਸ ਲਈ ਤਬਾਹੀ ਦਾ ਸੱਦਾ ਦੱਸਦਿਆਂ ਬਲਬੀਰ ਸਿੱਧੂ, ਵਿਜੇ ਇੰਦਰ ਸਿੰਗਲਾ, ਭਾਰਤ ਭੂਸ਼ਣ ਆਸ਼ੂ ਤੇ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਸਿੱਧੂ ਅਤੇ ਸੂਬੇ ਦੀਆਂ ਵਿਰੋਧੀ ਪਾਰਟੀਆਂ ਜਿਵੇਂ ਕਿ ਆਮ ਆਦਮੀ ਪਾਰਟੀ ਜਾਂ ਭਾਰਤੀ ਜਨਤਾ ਪਾਰਟੀ ਵਿਚਾਲੇ ਆਪਸੀ ਮਿਲੀਭੁਗਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਉਨ੍ਹਾਂ ਕਿਹਾ ਕਿ ਇਹ ਸੰਭਵ ਹੈ ਕਿ ਸਿੱਧੂ ਵੱਲੋਂ ਮੁੱਖ ਮੰਤਰੀ ਉਤੇ ਨਿਸ਼ਾਨਾ ਸੇਧ ਕੇ ਕੀਤੇ ਜਾ ਰਹੇ ਹਮਲੇ ਸੂਬੇ ਵਿੱਚ ਆਪਣੇ ਚੋਣਾਵੀ ਏਜੰਡੇ ਨੂੰ ਅੱਗੇ ਵਧਾਉਣ ਲਈ ਪੰਜਾਬ ਕਾਂਗਰਸ ਵਿੱਚ ਸਮੱਸਿਆ ਪੈਦਾ ਕਰਨ ਲਈ ਆਪ ਜਾਂ ਭਾਜਪਾ ਆਗੂਆਂ ਵੱਲੋਂ ਉਕਸਾਅ ਕੇ ਕਰਵਾਏ ਜਾ ਰਹੇ ਹਨ।

ਉਨ੍ਹਾਂ ਕਿਹਾ, ”ਜਿਸ ਤਰੀਕੇ ਨਾਲ ਸਿੱਧੂ ਵੱਲੋਂ ਸੂਬਾ ਸਰਕਾਰ ਖਾਸ ਕਰਕੇ ਕੈਪਟਨ ਅਮਰਿੰਦਰ ਖਿਲਾਫ ਹਮਲਾਵਰ ਢੰਗ ਨਾਲ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਸ ਤੋਂ ਤਾਂ ਮੁੱਖ ਮੰਤਰੀ ਖਿਲਾਫ ਸਾਜਿਸ਼ ਦਾ ਹੀ ਅਨੁਮਾਨ ਲੱਗਦਾ ਹੈ।”

ਤਿੰਨ ਕੈਬਨਿਟ ਸਾਥੀਆਂ ਵੱਲੋਂ ਸਿੱਧੂ ਖਿਲਾਫ਼ ਜਵਾਬੀ ਕਾਰਵਾਈ ਸ਼ੁਰੂ ਕਰਨ ਦੇ ਦੋ ਦਿਨਾਂ ਬਾਅਦ ਇਕ ਸਾਂਝੇ ਬਿਆਨ ਵਿੱਚ ਅੱਜ ਚਾਰ ਮੰਤਰੀਆਂ ਨੇ ਕਿਹਾ ਕਿ ਕਾਂਗਰਸ ਵਿਧਾਇਕ ਦੇ ਬੇਅਦਬੀ ਅਤੇ ਹੋਰ ਮੁੱਦਿਆਂ ‘ਤੇ ਕੈਪਟਨ ਅਮਰਿੰਦਰ ਸਿੰਘ ‘ਤੇ ਜ਼ੁਬਾਨੀ ਹਮਲੇ ਪਾਰਟੀ ਦੇ ਖਿਲਾਫ ਸ਼ਰ੍ਹੇਆਮ ਬਗਾਵਤ ਹੈ।

ਸਿੱਧੂ ਦੀ ਹੁਕਮ ਅਦੂਲੀ ਨੂੰ ਪੂਰੀ ਤਰ੍ਹਾਂ ਅਨੁਸ਼ਾਸਨਹੀਣ ਕਰਾਰ ਦਿੰਦਿਆਂ ਮੰਤਰੀਆਂ ਨੇ ਕਿਹਾ ਕਿ ਅਜਿਹੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਕਿਸੇ ਵੀ ਰਾਜਨੀਤਿਕ ਪਾਰਟੀ ਦੁਆਰਾ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਅਤੇ ਉਹ ਵੀ ਉਸ ਸਮੇਂ ਜਦੋਂ ਸੂਬੇ ਵਿੱਚ ਚੋਣਾਂ ਹੋਣ ਵਾਲੀਆਂ ਹੋਣ।

ਉਨ੍ਹਾਂ ਕਿਹਾ, ”ਉਸ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਜਾਣਾ ਚਾਹੀਦਾ ਹੈ, ਜੇਕਰ ਉਹ ਕੱਢਿਆ ਨਹੀਂ ਗਿਆ ਤਾਂ ਪੰਜਾਬ ਕਾਂਗਰਸ ਵਿਚ ਉਸ ਦੀ ਲਗਾਤਾਰ ਮੌਜੂਦਗੀ ਪਾਰਟੀ ਦੀ ਸੂਬਾ ਇਕਾਈ ਵਿਚ ਗੜ੍ਹਬੜ ਪੈਦਾ ਕਰ ਰਹੀ ਹੈ ਅਤੇ ਚੋਣਾਂ ਦੀ ਤਿਆਰੀ ਦੇ ਮਹੱਤਵਪੂਰਨ ਕੰਮ ਤੋਂ ਧਿਆਨ ਭਟਕਾ ਰਹੀ ਹੈ।”

ਸਿੱਧੂ ਦੇ ਵਿਵਾਦਪੂਰਨ ਬਿਆਨਾਂ ਦੇ ਰਿਕਾਰਡ ਵੱਲ ਇਸ਼ਾਰਾ ਕਰਦਿਆਂ ਮੰਤਰੀਆਂ ਨੇ ਕਿਹਾ ਕਿ ਸਾਬਕਾ ਕ੍ਰਿਕਟਰ ਸਪੱਸ਼ਟ ਤੌਰ ‘ਤੇ ਆਪਣੇ ਲਈ ਬੱਲੇਬਾਜ਼ੀ ਕਰਦੇ ਹੋਏ ਪ੍ਰਤੀਤ ਹੁੰਦੇ ਹਨ ਅਤੇ ਉਸ ਵਿੱਚ ਟੀਮ ਭਾਵਨਾ ਦੀ ਘਾਟ ਹੈ। ਇਹ ਉਹ ਗੁਣ ਹੈ ਜਿਸ ਨੂੰ ਉਨ੍ਹਾਂ ਨੇ ਰਾਜਨੀਤਿਕ ਖੇਤਰ ਵਿਚ ਇਕ ਤੋਂ ਵੱਧ ਵਾਰ ਉਜਾਗਰ ਕੀਤਾ।

ਵਿਧਾਇਕ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰਦਿਆਂ ਮੰਤਰੀਆਂ ਨੇ ਕਿਹਾ ਕਿ ਜਿਸ ਥਾਲੀ ਵਿੱਚ ਖਾਣਾ, ਉਸੇ ਵਿੱਚ ਛੇਕ ਕਰਨ ਦੀ ਉਸ ਦੀ ਆਦਤ ਕਾਰਨ ਉਸ ਨੇ ਆਪਣੀ ਸਾਬਕਾ ਪਾਰਟੀ ਵਿਚ ਆਪਣੀ ਅਹਿਮੀਅਤ ਗੁਆ ਲਈ ਹੈ।