ਚੰਡੀਗੜ੍ਹ, 14 ਮਈ – ਕੋਰੋਨਾ ਦੀ ਪੰਜਾਬ ਵਿਚ ਸਥਿਤੀ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬਾ ਵਾਸੀਆਂ ਨੂੰ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਸੰਬੋਧਨ ਕੀਤਾ ਗਿਆ। ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਕੋਰੋਨਾ ਤੋਂ ਬਚਾਅ ਰੱਖਣ ਦੀ ਅਪੀਲ ਕੀਤੀ ਤੇ ਕਿਹਾ ਕਿ ਬਿਮਾਰ ਹੋਣ ‘ਤੇ ਜਲਦ ਤੋਂ ਜਲਦ ਡਾਕਟਰ ਨੂੰ ਮਿਲਿਆ ਜਾਵੇ ਅਤੇ ਡਾਕਟਰ ਹੀ ਤੈਅ ਕਰਨਗੇ ਕਿ ਕੋਰੋਨਾ ਹੈ ਜਾਂ ਨਹੀਂ। ਕੈਪਟਨ ਨੇ ਕਿਹਾ ਕਿ ਲੋਕ ਆਪਣੇ ਆਪ ਨੂੰ ਕੋਰੋਨਾ ਦੇ ਤੀਸਰੇ ਪੱਧਰ ਤੱਕ ਨਾ ਲੈ ਕੇ ਜਾਣ ਪਹਿਲਾ ਹੀ ਇਸ ‘ਤੇ ਕਾਬੂ ਪਾਉਣ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸ਼ਹਿਰਾਂ ਤੋਂ ਬਾਅਦ ਬਿਮਾਰੀ ਪਿੰਡਾਂ ‘ਚ ਫੈਲ ਰਹੀ ਹੈ, ਜਿਸ ਲਈ ਪਿੰਡਾਂ ਵਿਚ ਠੀਕਰੀ ਪਹਿਰੇ ਲਗਾਏ ਜਾਣ। ਉਨ੍ਹਾਂ ਨੇ ਅਪੀਲ ਕੀਤੀ ਕਿ ਪਰਿਵਾਰਾਂ, ਮੁਹੱਲਿਆਂ, ਪਿੰਡਾਂ ਨੂੰ ਇਸ ਬਿਮਾਰੀ ਤੋਂ ਬਚਾਉਣ ਲਈ ਸਹਿਯੋਗ ਕੀਤਾ ਜਾਵੇ ਤਾਂ ਜੋ ਪੰਜਾਬ ਇਸ ਭਿਆਨਕ ਮਹਾਂਮਾਰੀ ਤੋਂ ਬਾਹਰ ਨਿਕਲ ਸਕੇ।