ਫਗਵਾੜਾ 18 ਮਈ (ਸ਼ਿਵ ਕੋੜਾ) ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਦੀ ਇਕ ਮੀਟਿੰਗ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਪਾਲ ਉੱਗੀ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਨਗਰ ਸੁਧਾਰ ਟਰੱਸਟ ਫਗਵਾੜਾ ਦੇ ਚੇਅਰਮੈਨ ਸੋਹਨ ਲਾਲ ਬੰਗਾ ਵਲੋਂ ਟਰੱਸਟ ਦਫਤਰ ਵਿਖੇ ਡਰਾਈਵਰ ਦੀ ਸੇਵਾ ਨਿਭਾ ਰਹੇ ਸੁਰਜੀਤ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕੀਤੇ ਜਾਣ ਦੀ ਸਖਤ ਨਖੇਦੀ ਕੀਤੀ ਗਈ। ਮੀਟਿੰਗ ਉਪਰੰਤ ਡਰਾਈਵਰ ਸੁਰਜੀਤ ਸਿੰਘ ਨੂੰ ਬਹਾਲ ਕਰਨ ਲਈ ਜਿੱਥੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੂੰ ਮੰਗ ਪੱਤਰ ਦਿੱਤਾ ਗਿਆ ਉੱਥੇ ਹੀ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਨੂੰ ਚੇਤਾਵਨੀ ਵੀ ਦਿੱਤੀ ਕਿ ਜੇਕਰ ਪੰਦਰਾਂ ਦੇ ਦਿਨਾਂ ਦੇ ਅੰਦਰ ਡਰਾਈਵਰ ਦੀ ਮੁੜ ਬਹਾਲੀ ਨਾ ਕੀਤੀ ਗਈ ਤਾਂ ਟਰੱਸਟ ਦੇ ਦਫਤਰ ਦੇ ਅੱਗੇ ਧਰਨਾ ਲਾ ਕੇ ਜਬਰਦਸਤ ਰੋਸ ਮੁਜਾਹਰਾ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਦਿੰਦਿਆਂ ਜਸਵਿੰਦਰ ਪਾਲ ਉੱਗੀ ਅਤੇ ਬਲਾਕ ਪ੍ਰਧਾਨ ਸੁਰਿੰਦਰ ਆਦੀਵਾਸੀ ਨੇ ਦੱਸਿਆ ਕਿ ਸੋਹਨ ਲਾਲ ਬੰਗਾ ਨੇ ਚੇਅਰਮੈਨ ਦੀਆਂ ਪਾਵਰਾਂ ਦੀ ਦੁਰਵਰਤੋਂ ਕੀਤੀ ਹੈ। ਉਹਨਾਂ ਵਲੋਂ ਸਟਾਫ ਨਾਲ ਹਿਟਲਰਸ਼ਾਹੀ ਵਤੀਰਾ ਕੀਤਾ ਜਾਂਦਾ ਹੈ ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਭਰੋਸਾ ਦਿੱਤਾ ਹੈ ਕਿ ਬਰਖਾਸਤ ਡਰਾਈਵਰ ਦੀ ਮੁੜ ਬਹਾਲੀ ਲਈ ਪੰਜਾਬ ਸਰਕਾਰ ਨੂੰ ਲਿਖਣਗੇ। ਇਸ ਮੌਕੇ ਜਨਰਲ ਸਕੱਤਰ ਤੀਰਥ ਰਾਮ ਨਾਹਰ, ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਕੁਮਾਰ, ਖਜਾਨਚੀ ਸੋਨੂੰ ਗੁਪਤਾ, ਸੁਰਜੀਤ ਸਿੰਘ, ਸ਼ਿੰਦਰ ਗਿਲ, ਰਾਜਕੁਮਾਰ, ਨਵਕਰਨ ਸਿੰਘ, ਰੂਬਲ ਕਲਿਆਣ, ਦਿਲਬਾਗ ਸਿੰਘ ਆਦਿ ਹਾਜਰ ਸਨ।