ਫਗਵਾੜਾ 18 ਮਈ (ਸ਼ਿਵ ਕੋੜਾ) ਜਿਲ੍ਹਾ ਫਿਰੋਜਪੁਰ ਦੇ ਜੀਰਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਵਿਧਾਇਕ ਕੁਲਬੀਰ ਸਿੰਘ ਜੀਰਾ ਦੇ ਪਿਤਾ ਅਤੇ ਉੱਘੇ ਸਿਆਸਤਦਾਨ ਸ੍ਰ. ਇੰਦਰਜੀਤ ਸਿੰਘ ਜੀਰਾ ਦੇ ਅਕਾਲ ਚਲਾਣਾ ਕਰ ਜਾਣ ‘ਤੇ ਸਾਬਕਾ ਕੈਬਿਨੇਟ ਮੰਤਰੀ ਅਤੇ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ। ਸ੍ਰ. ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਇੰਦਰਜੀਤ ਸਿੰਘ ਜੀਰਾ ਬਹੁਤ ਹੀ ਸੂਝਵਾਨ ਅਤੇ ਨਿਧੜਕ ਸਿਆਸੀ ਆਗੂ ਸਨ ਜਿਹਨਾਂ ਕਾਂਗਰਸ ਪਾਰਟੀ ਵਿਚ ਕਿਸਾਨ ਮਜਦੂਰ ਸੈਲ (ਪੰਜਾਬ) ਦੇ ਚੇਅਰਮੈਨ ਰਹਿੰਦਿਆਂ ਕਿਸਾਨਾ ਤੇ ਮਜਦੂਰਾਂ ਦੇ ਹਕ ਦੀ ਲੜਾਈ ਲੜੀ ਅਤੇ ਕਿਸਾਨਾ ਤੇ ਮਜਦੂਰਾਂ ਦੀ ਭਲਾਈ ਲਈ ਹਮੇਸ਼ਾ ਵਢਮੁੱਲਾ ਯੋਗਦਾਨ ਪਾਇਆ। ਉਹਨਾਂ ਦੇ ਅਕਾਲ ਚਲਾਣਾ ਕਰ ਜਾਣ ਨਾਲ ਪੰਜਾਬ ਦੀ ਸਿਆਸਤ ਨੂੰ ਭਾਰੀ ਘਾਟਾ ਪਿਆ ਹੈ। ਇਸ ਮੌਕੇ ਸਾਬਕਾ ਮੰਤਰੀ ਮਾਨ ਨੇ ਵਿਛੜੀ ਆਤਮਾ ਦੀ ਸ਼ਾਂਤੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਵਾਹੇਗੁਰੂ ਦੇ ਚਰਨਾਂ ‘ਚ ਅਰਦਾਸ ਵੀ ਕੀਤੀ।