ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਦੇ ਵਿਦਿਆਰਥੀ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਕਲਾ ਦੇ ਖੇਤਰ ਵਿੱਚ ਵੀ ਉੱਚ ਪ੍ਰਾਪਤੀਆਂ ਕਰ ਰਹੇ ਹਨ। ਇਸੇ ਤਹਿਤ ਸੰਗੀਤ ਵਿਭਾਗ ਦੇ ਵਿਦਿਆਰਥੀ ਅਰਵਿੰਦਰ ਸਿੰਘ ਨੇ ਗਾਇਨ ਅਤੇ ਹਰਜੋਤ ਸਿੰਘ ਨੇ ਸਾਰੰਗੀ ਦੀ ਜੁਗਲਬੰਦੀ ਰਾਹੀਂ ਰਾਗ ਬਿਹਾਗ ਦੀ ਨਵੀਂ ਬੰਦਿਸ਼ ਤਿਆਰ ਕੀਤੀ। ਇਸ ਰਾਗ ਬੰਦਿਸ਼ ਦਾ ਟ੍ਰੈਕ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਤੇ ਡਾ. ਸੁਖਦੇਵ ਸਿੰਘ ਮੁਖੀ ਸੰਗੀਤ ਵਿਭਾਗ ਨੇ ਰਿਲੀਜ਼ ਕੀਤਾ। ਪ੍ਰਿੰਸੀਪਲ ਡਾ. ਸਮਰਾ ਨੇ ਇਸ ਮੌਕੇ ਕਿਹਾ ਕਿ ਸਾਨੂੰ ਇਹ ਮਾਣ ਹੈ ਕਿ ਸਾਡੇ ਵਿਦਿਆਰਥੀ ਸੰਗੀਤ ਦੇ ਖੇਤਰ ਵਿੱਚ ਨਵੀਆਂ ਪੁਲਾਂਘਾ ਪੁੱਟ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਕਲਾਕਾਰ ਹਰਜੋਤ ਸਿੰਘ ਸਾਰੰਗੀ ਵਾਦਨ ਵਿੱਚ ਯੁਵਕ ਮੇਲੇ ਵਿੱਚ ਨੈਸ਼ਨਲ ਵਿੱਨਰ ਹੈ, ਜਦਕਿ ਅਰਵਿੰਦਰ ਸਿੰਘ ਨੌਰਥ ਜ਼ੋਨ ਵਿੱਚ ਕਲਾਸੀਕਲ ਵੋਕਲ ਦਾ ਜੇਤੂ ਹੈ। ਉਨ੍ਹਾਂ ਕਿਹਾ ਕਿ ਦੋਹਾਂ ਵਿਦਿਆਰਥੀ ਕਲਾਕਾਰਾਂ ਨੂੰ ਆਪਣੇ ਖੇਤਰ ਵਿੱਚ ਮੁਹਾਰਤ ਹਾਸਲ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹੋਣਹਾਰ ਤੇ ਪ੍ਰਤਿਭਾਵਾਨ ਵਿਦਿਆਰਥੀਆਂ ਦੀ ਪ੍ਰਤਿਭਾ ਕਰਕੇ ਹੀ ਕਾਲਜ ਯੁਵਕ ਮੇਲਿਆਂ ਵਿੱਚ ਉੱਚ ਦਰਜੇ ਦਾ ਪ੍ਰਦਰਸ਼ਨ ਕਰਕੇ ਟ੍ਰਾਫ਼ੀਆਂ ਜਿੱਤਦਾ ਹੈ। ਅਜਿਹੇ ਹੋਣਹਾਰ ਵਿਦਿਆਰਥੀ ਹੀ ਕਾਲਜ ਦੀ ਵਿਲੱਖਣ ਪਛਾਣ ਬਣਾਉਂਦੇ ਹਨ। ਪ੍ਰੋ. ਸੁਖਦੇਵ ਸਿੰਘ, ਮੁਖੀ ਸੰਗੀਤ ਵਿਭਾਗ ਨੇ ਦੱਸਿਆ ਕਿ ਇਹ ਟ੍ਰੈਕ ਆਰ.ਐਸ. ਸਟੂਡਿਓ ਵਲੋਂ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਸੰਗੀਤ ਵਿਭਾਗ ਨੂੰ ਸਮੇਂਂ-ਸਮੇਂ ’ਤੇ ਹਰ ਸੰਭਵ ਸਹਾਇਤਾ ਦੇਣ ਲਈ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਡਾ. ਪਲਵਿੰਦਰ ਸਿੰਘ ਡੀਨ ਕਲਚਰਲ ਅਫ਼ੇਅਰਜ਼ ਅਤੇ ਸੰਗੀਤ ਵਿਭਾਗ ਦੇ ਪ੍ਰੋ. ਅੰਕੁਸ਼ ਗਿੱਲ ਹਾਜ਼ਰ ਸਨ।