ਚੰਡੀਗੜ੍ਹ, 20 ਮਈ:
ਪੰਜਾਬ ਸਰਕਾਰ ਵੱਲੋਂ ਕੋਵਿਡ ਮਹਾਂਮਾਰੀ ਵਿੱਚ ਅਨਾਥ ਹੋਏ ਸਾਰੇ ਬੱਚਿਆਂ ਦੇ ਨਾਲ-ਨਾਲ ਕਮਾਊ ਜੀਅ ਗੁਆ ਚੁੱਕੇ ਸਾਰੇ ਪਰਿਵਾਰਾਂ ਨੂੰ 1 ਜੁਲਾਈ, 2021 ਤੋਂ 1500 ਰੁਪਏ ਪ੍ਰਤੀ ਮਹੀਨਾ ਸਮਾਜਿਕ ਸੁਰੱਖਿਆ ਪੈਨਸ਼ਨ ਅਤੇ ਗ੍ਰੈਜੂਏਸ਼ਨ ਤੱਕ ਮੁਫਤ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ।
ਇਸ ਅਣਕਿਆਸੀ ਮਹਾਂਮਾਰੀ ਵਿੱਚ ਜਿਹੜੇ ਬੱਚੇ ਮਾਂ-ਬਾਪ ਤੋਂ ਮਹਿਰੂਮ ਹੋ ਗਏ, ਉਨ੍ਹਾਂ ਬੱਚਿਆਂ ਦਾ ਪਾਲਣ-ਪੋਸ਼ਣ ਕਰਨ ਨੂੰ ਸੂਬਾ ਸਰਕਾਰ ਦਾ ਫਰਜ਼ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਜਿਹੇ ਬੱਚਿਆਂ ਦੇ ਨਾਲ-ਨਾਲ ਉਨ੍ਹਾਂ ਪਰਿਵਾਰਾਂ ਦੇ ਬੱਚਿਆਂ, ਜਿਨ੍ਹਾਂ ਦੇ ਕਮਾਊ ਜੀਅ ਕੋਵਿਡ ਕਾਰਨ ਫੌਤ ਹੋ ਗਏ, ਲਈ ਸਰਕਾਰੀ ਸੰਸਥਾਵਾਂ ਵਿੱਚ ਮੁਫਤ ਸਿੱਖਿਆ ਯਕੀਨੀ ਬਣਾਏਗੀ।