
ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਉੱਤਰੀ ਭਾਰਤ ਦੀ ਸਿਰਮੌਰ ਵਿਦਿਅਕ ਸੰਸਥਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਵਿਰਾਸਤੀ ਸੰਸਥਾ ਦੇ ਇਤਿਹਾਸ ਬਾਰੇ ਜਾਣਕਾਰੀ ਦੇਣ ਹਿੱਤ ‘ਲਫਜ਼ਾਂ ਦੀ ਦੁਨੀਆਂ’ ਸਾਹਿਤ ਸਭਾ ਵਲੋਂ ‘ਇਤਿਹਾਸਕ ਪੈੜਾਂ’ ਬੈੱਨਰ ਹੇਠ ਕਿ ਆਨਲਾਈਨ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਵਿਚ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦਕਿ ਡਾ. ਗੋਪਾਲ ਸਿੰਘ ਬੁੱਟਰ, ਮੁਖੀ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਪ੍ਰਿੰਸੀਪਲ ਡਾ. ਸਮਰਾ ਨੇ ਇਹ ਪ੍ਰੋਗਰਾਮ ਉਲੀਕਣ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਤੇ ਵਧਾਈ ਦਿੱਤੀ। ਉਨ੍ਹਾਂ ਲਾਇਲਪੁਰ ਖ਼ਾਲਸਾ ਕਾਲਜ ਦੀ ਉਸ ਸਮੇਂ ਜ਼ਰੂਰਤ ਅਤੇ ਵਿਲੱਖਣਤਾ ਸੰਬੰਧੀ ਵਿਸ਼ੇਸ਼ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਸੰਸਥਾ ਦਾ ਮੁੱਢ 1908 ਵਿਚ ਜ਼ਿਲ੍ਹਾ ਲਾਇਲਪੁਰ ਪਾਕਿਸਤਾਨ ਵਿਚ ਬੱਝਾ ਤੇ ਇਸ ਦੀ ਨੀਂਹ ਸੰਤ ਅਤਰ ਸਿੰਘ ਜੀ ਮਸਤੂਆਣਾ ਨੇ ਰੱਖੀ। ਉਨ੍ਹਾਂ ਕਿਹਾ ਕਿ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਇਸ ਦੇ ਪਹਿਲੇ ਹੈੱਡਮਾਸਟਰ ਬਣੇ ਜਿਨ੍ਹਾਂ ਨੇ ਬਿਨ੍ਹਾਂ ਤਨਖਾਹ ਲਏ ਇਹ ਸੇਵਾ ਨਿਭਾਈ। ਉਨ੍ਹਾਂ ਕਿਹਾ ਕਿ ਇਸ ਸੈਕੂਲਰ ਸੰਸਥਾ ਦੀਆਂ ਨੀਹਾਂ ਵੀ ਸੈਕੂਲਰ ਵਾਤਾਵਰਨ ਵਿਚ ਰੱਖੀਆਂ ਗਈਆਂ ਜੋ ਕਿ ਅੱਜ ਵੀ ਵੱਧ ਫੁੱਲ ਰਹੀਆਂ ਹਨ। ਡਾ. ਗੋਪਾਲ ਸਿੰਘ ਬੁੱਟਰ ਨੇ ਇਸ ਸੰਸਥਾ ਦੇ ਸਕੂਲ ਤੋਂ 1926 ਵਿਚ ਕਾਲਜ ਬਣਨ ਅਤੇ ਫਿਰ 1948 ਵਿਚ ਜਲੰਧਰ ਵਿਖੇ ਸਥਾਪਤ ਹੋਣ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 1948 ਤੋਂ ਹੁਣ ਤੱਕ ਇਸ ਸੰਸਥਾ ਨੇ ਉੱਚ ਦਰਜੇ ਦੇ ਅਕੈਡਮੀਸ਼ੀਅਨ, ਕਲਾਕਾਰ, ਖਿਡਾਰੀ ਅਤੇ ਸਾਹਿਤਕਾਰ ਪੈਦਾ ਕੀਤੇ ਹਨ। ਇਸ ਉਪਰੰਤ ਉਨ੍ਹਾਂ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਬਾਰੇ ਇਤਿਹਾਸਕ ਪਰਿਪੇਖ ਵਿਚ ਵਿਚਾਰ ਪ੍ਰਸਤੁਤ ਕੀਤੇ। ਇਸ ਲਾਈਵ ਪ੍ਰੋਗਰਾਮ ਵਿਚ ਇਤਿਹਾਸਕ ਤਸਵੀਰਾਂ ਦੀ ਸਕਰੀਨ ਸ਼ੇਅਰਿੰਗ ਡਾ. ਸੁਰਿੰਦਰਪਾਲ ਮੰਡ ਨੇ ਕੀਤੀ ਅਤੇ ਕਾਲਜ ਬਾਰੇ ਕੁਝ ਇਤਿਹਾਸਕ ਤੱਥ ਵੀ ਸਾਂਝੇ ਕੀਤੇ। ਲਫ਼ਜ਼ਾਂ ਦੀ ਦੁਨੀਆਂ ਸਾਹਿਤ ਸਭਾ ਨਕੋਦਰ ਦੇ ਪ੍ਰਧਾਨ ਪ੍ਰੋ. ਜਸਵੀਰ ਸਿੰਘ ਨੇ ਪ੍ਰੋਗਰਾਮ ਦਾ ਸੰਚਾਲਨ ਬਾਖੂਬੀ ਕੀਤਾ। ਇਸ ਮੌਕੇ ਪੰਜਾਬੀ ਵਿਭਾਗ ਦੇ ਪ੍ਰੋ. ਡਾ. ਹਰਜਿੰਦਰ ਸਿੰਘ, ਡਾ. ਸੁਖਦੇਵ ਸਿੰਘ ਨਾਗਰਾ ਤੇ ਪ੍ਰੋ. ਕੁਲਦੀਪ ਸੋਢੀ ਨੇ ਵੀ ਕਾਲਜ ਦੇ ਇਤਿਹਾਸ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸ ਆਨਲਾਈਨ ਪ੍ਰੋਗਰਾਮ ਵਿਚ ਵਿਦਿਆਰਥੀਆਂ ਤੋਂ ਇਲਾਵਾ ਕਾਲਜ ਨਾਲ ਜੁੜੇ ਹੋਏ ਹੋਰ ਪਤਵੰਤੇ ਸੱਜਣਾ ਨੇ ਵੀ ਸ਼ਿਰਕਤ ਕੀਤੀ।