ਫਗਵਾੜਾ 21 ਮਈ (ਸ਼ਿਵ ਕੋੜਾ) ਸ਼ਹਿਰ ਦੇ ਵਾਰਡ ਨੰਬਰ 7 ਅਧੀਨ ਡਾ. ਅੰਬੇਡਕਰ ਪਾਰਕ ਪਲਾਹੀ ਗੇਟ ਵਿਖੇ ਫਰੀ ਕੋਰੋਨਾ ਵੈਕਸੀਨ ਲਗਾਉਣ ਦਾ ਕੈਂਪ ਸਮਾਜ ਸੇਵਿਕਾ ਪਿੰਕੀ ਭਾਟੀਆ ਦੇ ਉਪਰਾਲੇ ਸਦਕਾ ਲਗਾਇਆ ਗਿਆ। ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਸਹਿਯੋਗ ਅਤੇ ਡਿਪਟੀ ਕਮੀਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਟੀਮ ਵਲੋਂ ਟੀਕਾਕਰਣ ਦਾ ਕੰਮ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਗਿਆ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਮੁਕੇਸ਼ ਭਾਟੀਆ ਨੇ ਸਮੂਹ ਯੋਗ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਨੂੰ ਕੰਟਰੋਲ ਕਰਨ ਅਤੇ ਆਪਣੀ ਸਿਹਤ ਦੀ ਸੁਰੱਖਿਆ ਦੇ ਲਿਹਾਜ ਨਾਲ ਬਿਨਾ ਕਿਸੇ ਡਰ ਤੋਂ ਜਲਦੀ ਟੀਕਾਕਰਣ ਕਰਵਾਇਆ ਜਾਵੇ। ਪਿੰਕੀ ਭਾਟੀਆ ਅਤੇ ਮੁਕੇਸ਼ ਭਾਟੀਆ ਨੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਜਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੇ ਸਹਿਯੋਗ ਲਈ ਧੰਨਵਾਦ ਕੀਤਾ ਤੇ ਸਮੂਹ ਫਗਵਾੜਾ ਵਾਸੀਆਂ ਨੂੰ ਪੁਰਜੋਰ ਅਪੀਲ ਕੀਤੀ ਕਿ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਾ ਵਰਤਦੇ ਹੋਏ ਸਰੀਰਿਕ ਦੂਰੀ, ਮਾਸਕ ਪਹਿਨਣ ਅਤੇ ਹੱਥਾਂ ਨੂੰ ਵਾਰ-ਵਾਰ ਧੋਣ ਵਰਗੀਆਂ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਗੰਭੀਰਤਾ ਨਾਲ ਪਾਲਣ ਕੀਤੀ ਜਾਵੇ।