
ਜਲੰਧਰ 21 ਮਈ 2021
ਜਲੰਧਰ ਵਿੱਚ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਨ ਲਈ ਵੱਡਾ ਕਦਮ ਉਠਾਉਂਦਿਆਂ ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨਾਂ ਪਾਸੋਂ 6800 ਟਰਾਮਾਡੋਲ (ਕਮਰਸ਼ੀਅਲ ਕੁਆਂਟਿਟੀ)ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਜਲੰਧਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਅ ਕਿ ਗੁਪਤ ਇਤਲਾਹ ’ਤੇ ਸਬ ਇੰਸਪੈਕਟਰ ਭਗਤਵੀਰ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵਲੋਂ ਟੀ ਪੁਆਇੰਟ ਨੇੜੇ ਲਾਲ ਰਤਨ ਸਿਨੇਮਾ ਵਿਖੇ ਵਿਸ਼ੇਸ਼ ਜਾਂਚ ਨਾਕਾ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸੰਕੇਤ ਮਿਲੇ ਸਨ ਕਿ ਅਸ਼ਵਨੀ ਸ਼ਰਮਾ ਉਰਫ਼ ਬਿੰਨੀ ਪੁੱਤਰ ਦੇਸ ਰਾਜ ਵਾਸੀ ਮਖਦੂਮਪੁਰਾ ਜੋ ਕਿ ਸ਼ਹੀਦ ਊਧਮ ਸਿੰਘ ਨਗਰ ਨੇੜੇ ਕ੍ਰਿਸ਼ਨਾ ਮੈਡੀਕਲ ਸਟੋਰ ਚਲਾਉਦਾ ਹੈ ਆਪਣੀ ਹੌਂਡਾ ਸੀਵਿਕ ਕਾਰ ਪੀਬੀ-08-ਬੀਐਚ-0297 ਵਿੱਚ ਟਰਾਮਾਡੋਲ ਦੀਆਂ ਗੋਲੀਆਂ ਸਪਲਾਈ ਕਰਨ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਬ ਇੰਸਪੈਕਟਰ ਵਲੋਂ ਡਰੱਗ ਇੰਸਪੈਕਟਰ ਅਨੁਪਮ ਕਾਲੀਆ ਨਾਲ ਮਿਲ ਕੇ ਦੁਕਾਨਾਂ ’ਤੇ ਛਾਪਾ ਮਾਰਿਆ ਗਿਆ ਅਤੇ ਕਾਰ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਿਸ ਪਾਰਟੀ ਵਲੋਂ ਕਾਰ ਵਿਚੋਂ 3800 ਟਰਾਮਾਡੋਲ ਗੋਲੀਆਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਅੱਗੇ ਦੱਸਿਆ ਕਿ ਪੁਛਗਿਛ ਦੌਰਾਨ ਸ਼ਰਮਾ ਨੇ ਖੁਲਾਸਾ ਕੀਤਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਇਹ ਕਾਰੋਬਾਰ ਚਲਾ ਰਿਹਾ ਸੀ ਅਤੇ ਇਹ ਗੋਲੀਆਂ ਸਮਰਾਟ ਸਭਰਵਾਲ ਪੁੱਤਰ ਚਰਨਜੀਤ ਲਾਲ ਵਾਸੀ ਮਕਾਨ ਨੰਬਰ 304,ਦਿਲਬਾਗ ਨਗਰ ਜੋ ਦਿਲਖੁਸ਼ਾ ਮਾਰਕਿਟ ਵਿਖੇ ਸ਼ਕਤੀ ਟਰੇਡਰ ਮੈਡੀਕਲ ਦੁਕਾਨ ਕਰਦਾ ਹੈ ਪਾਸੋਂ ਲਿਆਉਂਦਾ ਸੀ। ਉਨ੍ਹਾਂ ਦੱਸਿਆ ਕਿ ਇਸ ’ਤੇ ਤੁਰੰਤ ਕਾਰਵਾਈ ਕਰਦਿਆਂ ਸਬ ਇੰਸਪੈਕਟਰ ਅਮਨਪ੍ਰੀਤ ਕੌਰ ਅਤੇ ਡਰੱਗ ਇੰਸਪੈਕਟਰ ਅਨੁਪਮ ਕਾਲੀਆ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਵਲੋਂ ਦਿਲਖੁਸ਼ਾ ਮਾਰਕਿਟ ਵਿਖੇ ਦੁਕਾਨ ’ਤੇ ਛਾਪਾ ਮਾਰਿਆ ਗਿਆ।ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਪੁਲਿਸ ਪਾਰਟੀ ਵਲੋਂ ਦੁਕਾਨ ਵਿਖੇ 3000 ਟਰਾਮਾਡੋਲ ਗੋਲੀਆਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਦਸਿਆ ਕਿ ਪੁਲਿਸ ਪਾਰਟੀ ਵਲੋਂ ਦੁਕਾਨ ਦੇ ਮਾਲਕ ਸਮਰਾਟ ਸਭਰਵਾਲ ਨੂੰ ਗ੍ਰਿਫ਼ਤਾਰ ਕਰਕੇ ਕੇਸ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਨਸ਼ਿਆਂ ਦੀ ਸਪਲਾਈ ਨਾਲ ਜੁੜੇ ਹੋਰ ਲੋਕਾਂ ਦਾ ਪਤਾ ਲਗਾਉਣ ਲਈ ਪੁਛਗਿੱਛ ਕੀਤੀ ਜਾ ਰਹੀ ਹੈ।