ਫਗਵਾੜਾ 26 ਮਈ (ਸ਼ਿਵ ਕੋੜਾ) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਿਸਾਨੀ ਸੰਬੰਧੀ ਕਾਲੇ ਕਾਨੂੰਨਾਂ ਦੇ ਵਿਰੋਧ ਵਿਚ ਕੇਂਦਰ ਸਰਕਾਰ ਦੇ ਤਮਾਮ ਤਸ਼ੱਦਦ ਝੇਲਕੇ ਕੇ ਅਤੇ ਅੰਦੋਲਨ ਨੂੰ ਫੇਲ਼ ਕਰਨ ਦੀ ਕੋਝੀਆਂ ਸਾਜ਼ਿਸ਼ਾਂ ਨੂੰ ਨਾਕਾਮ ਕਰਦੇ ਹੋਏ ਆਪਣੇ ਹੱਕੀ ਮੰਗਾ ਲਈ ਦਿਲੀ ਬਾਰਡਰ ਘੇਰ ਕੇ ਬੈਠੇ ਕਿਸਾਨਾਂ ਭਰਾਵਾਂ ਵੱਲੋਂ ਜਾਰੀ ਅੰਦੋਲਨ ਦੇ 6 ਮਹੀਨੇ ਪੂਰੇ ਹੋਣ ਤੇ ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਸਮੁੱਚੇ ਦੇਸ਼ ਅੰਦਰ ਕਾਲਾ ਦਿਵਸ ਮਨਾਏ ਜਾਣ ਦਾ ਸੱਦਾ ਦਿੱਤਾ ਗਿਆ ਸੀ। ਜਿਸ ਨੂੰ ਪੂਰਾ ਸਮਰਥਨ ਦਿੰਦੇ ਹੋਏ ਫਗਵਾੜਾ ਆੜਤੀਆ ਐਸੋਸੀਏਸ਼ਨ ਵੱਲੋਂ ਫੈਡਰੇਸ਼ਨ ਆਫ਼ ਆੜਤੀਆ ਐਸੋਸੀਏਸ਼ਨ ਪੰਜਾਬ ਦੇ ਜਿੱਲਾ ਪ੍ਰਧਾਨ ਨਰੇਸ਼ ਭਾਰਦਵਾਜ ਦੀ ਅਗਵਾਈ ਵਿਚ ਫਗਵਾੜਾ ਦਾਨਾ ਮੰਡੀ ਵਿਚ ਕਾਲੇ ਝੰਡੇ ਲੈ ਕੇ ਰੋਸ ਦਾ ਮੁਜ਼ਾਹਰਾ ਕੀਤਾ ਗਿਆ ਅਤੇ ਕਿਸਾਨੀ ਅੰਦੋਲਨ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਸੰਕਲਪ ਲਿਆ ਗਿਆ। ਆੜਤੀਆਂ ਨੇ ਰੋਸ ਮੁਜ਼ਾਹਰੇ ਤੋਂ ਬਾਅਦ ਆਪਣੀਆਂ ਦੁਕਾਨਾਂ ਦੇ ਕਾਲੇ ਝੰਡੇ ਲਾਕੇ ਕਾਲਾ ਦਿਵਸ ਮਨਾਇਆ।
ਇਸ ਮੌਕੇ ਜਿੱਲਾ ਪ੍ਰਧਾਨ ਨਰੇਸ਼ ਭਾਰਦਵਾਜ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਤਾਨਾਸ਼ਾਹੀ ਤਰੀਕੇ ਨਾਲ ਰਾਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜੋ ਸੰਸਾਰ ਦੇ ਇੱਕ ਵੱਡੇ ਲੋਕਤੰਤਰ ਲਈ ਖ਼ਤਰੇ ਦੀ ਘੰਟੀ ਤੋਂ ਘੱਟ ਨਹੀਂ ਹੈ। ਕੇਂਦਰ ਸਰਕਾਰ ਕੋਲ ਪਿਛਲੇ 6 ਮਹੀਨੇ ਤੋਂ ਦਿੱਲੀ ਦੇ ਬਾਰਡਰ ਘੇਰ ਕੇ ਬੈਠੇ ਕਿਸਾਨਾਂ ਦੀ ਗਲ ਸੁਣਨ ਲਈ ਸਮਾਂ ਨਹੀਂ ਹੈ ਨਾਂ ਹੀ ਕੋਈ ਹਾਂ ਪੱਖੀ ਹੁੰਗਾਰਾ ਦਿੱਤਾ ਗਿਆ ਹੈ। ਕੇਂਦਰ ਸਰਕਾਰ ਦੇ ਇਸ਼ਾਰੇ ਤੇ ਪਹਿਲਾ ਕਿਸਾਨਾਂ ਨੂੰ ਕਦੇ ਅੱਤਵਾਦੀ ਕਦੇ ਅਰਬਨ ਨਕਸਲਾਈਟ ਪ੍ਰਚਾਰ ਕੇ ਬਦਨਾਮ ਕਰਨ ਦੀ ਕੋਸ਼ਿਸ਼ ਅਸਫਲ ਹੋਣ ਤੇ ਬਾਅਦ ਹਰ ਹੀਲੇ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ,ਪਰ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਅਤੇ ਸਿਦਕ ਦੇ ਅੱਗੇ ਇੱਕ ਨਹੀਂ ਚਲੀ। ਭਾਰਦਵਾਜ ਨੇ ਕਿਹਾ ਕਿ ਮੋਦੀ ਸਰਕਾਰ ਜੇ ਪੰਜਾਬ ਵਿਚ ਵੀ ਭਾਜਪਾ ਦਾ ਹਸ਼ਰ ਬੰਗਾਲ ਵਰਗਾ ਨਹੀਂ ਚਾਹੁੰਦੀ ਤਾਂ ਕਿਸਾਨੀ ਮੁੱਦੇ ਤੇ ਹਮਦਰਦੀ ਨਾਲ ਵਿਚਾਰ ਕਰਦੇ ਹੋਏ ਧੱਕੇ ਨਾਲ ਭਲਾ ਕਰਨ ਦੀ ਨੀਤੀ ਅਤੇ  ਜ਼ਿੱਦ ਛੱਡੇ। ਉਨਾਂ ਕਿਹਾ ਕਿ ਪੰਜਾਬ ਦਾ ਇੱਕ ਇੱਕ ਆੜਤੀਆ,ਮੁਨੀਮ,ਮਜ਼ਦੂਰ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਹੈ ਅਤੇ ਕੇਂਦਰ ਦੀ ਇੱਟ ਨਾਲ ਇੱਟ ਖੜਕਾਉਣ ਤੋਂ ਵੀ ਗੁਰੇਜ਼ ਨਹੀਂ ਕਰੇਗਾ। ਇਸ ਮੌਕੇ  ਪੰਡਿਤ ਰਾਮ ਸਿੰਘ ਜੋਸ਼ੀ, ਪ੍ਰਮੋਦ ਦੁੱਗਲ, ਪ੍ਰਵੇਸ਼ ਗੁਪਤਾ, ਆਸ਼ੂ ਅਰੋੜਾ,ਜੱਜੀ ਪਰਾਗਪੁੁਰ, ਰਾਜੀਵ ਅਗਰਵਾਲ, ਦੀਪਾ ਅਗਰਵਾਲ, ਰਾਜੂ ਅਗਰਵਾਲ, ਅਮਿੱਤ ਅਰੋੜਾ,ਪੁਨੀਤ ਸ਼ਰਮਾ, ਸਾਹਿਲ ਸ਼ਰਮਾ,ਜਸਵੰਤ ਰਾਏ ਮੇਹਤਾ ਆਦਿ ਮੌਜੂਦ ਸਨ।