ਜਲੰਧਰ,5 ਜੂਨ – ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਉੱਤੇ ਅੱਜ ਏਥੇ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ ਅਤੇ ਬੀ.ਕੇ.ਯੂ.(ਰਾਜੇਵਾਲ) ਵਲੋਂ ਪੁਲਿਸ ਰੋਕਾਂ ਦੇ ਬਾਵਜੂਦ ਭਾਜਪਾ ਆਗੂ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੇ ਘਰ ਅੱਗੇ ਲੋਕ ਵਿਰੋਧੀ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਅਤੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਆਗੂਆਂ ਨੇ ਕਿਹਾ ਕਿ ਜਿੰਨੀ ਦੇਰ ਤੱਕ ਲੋਕ ਵਿਰੋਧੀ ਤਿੰਨੋਂ ਖੇਤੀ ਕਾਨੂੰਨ,ਬਿਜਲੀ ਸੋਧ ਕਾਨੂੰਨ ਵਗੈਰਾ ਰੱਦ ਨਹੀਂ ਹੁੰਦੇ ਉਹਨਾਂ ਚਿਰ ਅੰਦੋਲਨ ਜਾਰੀ ਰਹੇਗਾ।
ਉਨ੍ਹਾਂ ਕਿਹਾ ਕਿ ਨਵੇਂ ਖੇਤੀ ਆਰਡੀਨੈਂਸ ਅੱਜ ਦੇ ਦਿਨ ਰਾਸ਼ਟਰਪਤੀ ਵਲੋਂ ਸਹੀ ਪਾਉਣ ਉੱਤੇ ਕਾਨੂੰਨ ਬਣੇ ਸਨ,ਜਿਸ ਦਾ ਇਕ ਸਾਲ ਪੂਰਾ ਹੋਣ ਉੱਤੇ ਅੰਦੋਲਨ ਨੂੰ ਅੱਗੇ ਵਧਾਉਂਦੇ ਹੋਏ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ ਹਨ।
ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਰੱਦ ਨਾ ਕਰਕੇ ਮੋਦੀ ਹਕੂਮਤ ਖੁਦ ਬਾਖੁਦ ਆਪਣੀਆਂ ਜੜ੍ਹਾਂ ਵੱਢਣ ਦਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਸਮਾਂ ਅੰਦੋਲਨ ਨੂੰ ਲਮਕਾਇਆ ਜਾਵੇਗਾ,ਉਹਨਾਂ ਵੱਧ ਫਾਸ਼ੀਵਾਦੀ ਮੋਦੀ ਸਰਕਾਰ ਨੂੰ ਸਿਆਸੀ ਖਮਿਆਜ਼ਾ ਭੁਗਤਣਾ ਪਵੇਗਾ। ਬੰਗਾਲ ਅਤੇ ਯੂਪੀ ਵਿਖੇ ਵਿਧਾਨ ਸਭਾ ਅਤੇ ਪੰਚਾਇਤਾਂ ਦੀਆਂ ਹੋਈਆਂ ਚੋਣਾਂ ਵਿੱਚ ਜੱਗ ਜ਼ਾਹਰ ਹੈ। ਇਹਨਾਂ ਕਾਨੂੰਨ ਨੂੰ ਰੱਦ ਕਰਨਾ ਹੀ ਮਸਲੇ ਦਾ ਹੱਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸੋਚਿਆ ਸੀ ਕਿ ਉਹ ਕਰੋਨਾ ਦੇ ਨਾਮ ਹੇਠ ਕਲੀਨ ਸਵੀਪ ਕਰ ਦੇਵੇਗੀ ਪਰ ਉਸ ਨੂੰ ਮੂੰਹ ਦੀ ਖਾਣੀ ਪਈ। ਸਗੋਂ ਅੰਦੋਲਨ ਹੋਰ ਮਜ਼ਬੂਤ ਹੋ ਗਿਆ। ਆਗੂਆਂ ਨੇ ਸਮੂਹ ਲੋਕਾਂ ਦਿੱਲੀ ਅੰਦੋਲਨ ਵੱਲ ਵਹੀਰਾਂ ਘੱਤਣ ਦੀ ਅਪੀਲ ਵੀ ਕੀਤੀ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸੰਤੋਖ ਸਿੰਘ ਸੰਧੂ, ਜ਼ਿਲ੍ਹਾ ਸਕੱਤਰ ਮੱਖਣ ਸਿੰਘ ਕੰਦੋਲਾ,ਯੂਥ ਵਿੰਗ ਦੇ ਆਗੂ ਬੂਟਾ ਸਿੰਘ ਸ਼ਾਦੀਪੁਰ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਮੱਖਣ ਪੱਲਣ, ਕੁਲਦੀਪ ਫਿਲੌਰ, ਸੁਖਦੇਵ ਸਿੰਘ ਬਾਂਕਾ, ਬੀ.ਕੇ.ਯੂ.(ਰਾਜੇਵਾਲ) ਦੇ ਜ਼ਿਲ੍ਹਾ ਸਕੱਤਰ ਕੁਲਵਿੰਦਰ ਸਿੰਘ ਮਛਿਆਣਾ,ਦਲਜੀਤ ਸਿੰਘ ਵੇਂਡਲ, ਗੁਰਵਿੰਦਰ ਸਿੰਘ ਬਜੂਹਾ,ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਦਰਸ਼ਨ ਨਾਹਰ, ਬਲਦੇਵ ਸਿੰਘ ਨੂਰਪੁਰੀ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਕੁਲਦੀਪ ਸਿੰਘ,ਵਕੀਲ ਭਾਈਚਾਰੇ ਦੇ ਐਡਵੋਕੇਟ ਰਾਜਿੰਦਰ ਸਿੰਘ ਮੰਡ, ਐਡਵੋਕੇਟ ਗੁਰਜੀਤ ਸਿੰਘ ਕਾਹਲੋਂ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਭੋਗਲ ਤੋਂ ਇਲਾਵਾ ਕਿਸਾਨ ਆਗੂ ਸੁਰਜੀਤ ਸਿੰਘ ਸਮਰਾ,ਮਾਸਟਰ ਸੁਰਜੀਤ ਸਿੰਘ ਜੰਡਿਆਲਾ,ਜਗਜੀਤ ਸਿੰਘ ਸੈਦੋਵਾਲ,ਸੁਨੀਤਾ ਨੂਰਪੁਰੀ ਆਦਿ ਨੇ ਸੰਬੋਧਨ ਕੀਤਾ।