ਫਗਵਾੜਾ 15 ਜੂਨ (ਸ਼ਿਵ ਕੋੜਾ) ਕਾਂਗਰਸ ਪਾਰਟੀ ਦੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵਲੋਂ ਸ੍ਰੋਮਣੀ ਅਕਾਲੀ ਦਲ (ਬ) ਅਤੇ ਬਹੁਜਨ ਸਮਾਜ ਪਾਰਟੀ ਵਿਚਾਲੇ ਹੋਏ ਗਠਜੋੜ ਬਾਰੇ ਟਿੱਪਣੀ ਸਬੰਧੀ ਸੋਸ਼ਲ ਮੀਡੀਆ ਉਪਰ ਵਾਇਰਲ ਹੋਈ ਵੀਡੀਓ ਦੇ ਹਵਾਲੇ ਨਾਲ ਐਮ.ਪੀ. ਰਵਨੀਤ ਬਿੱਟੂ ਵਲੋਂ ਦਿੱਤੇ ਬਿਆਨ ਦੀ ਸਖਤ ਨਖੇਦੀ ਕਰਦਿਆਂ ਅੰਬੇਡਕਰ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਢੰਡਾ ਨੇ ਕਿਹਾ ਕਿ ਰਵਨੀਤ ਬਿੱਟੂ ਦੀ ਵੀਡੀਓ ਨਾਲ ਕਾਂਗਰਸ ਪਾਰਟੀ ਦੀ ਦਲਿਤਾਂ ਪ੍ਰਤੀ ਮਾੜੀ ਸੋਚ ਉਜਾਗਰ ਹੋ ਗਈ ਹੈ। ਉਹਨਾਂ ਕਿਹਾ ਕਿ ਰਵਨੀਤ ਬਿੱਟੂ ਵੀਡੀਓ ਵਿਚ ਕਹਿ ਰਿਹਾ ਹੈ ਕਿ ਅਕਾਲੀਆਂ ਨੇ ਸ੍ਰੀ ਆਨੰਦਪੁਰ ਸਾਹਿਬ ਅਤੇ ਚਮਕੌਰ ਸਾਹਿਬ ਵਰਗੀਆਂ ਪਵਿੱਤਰ ਵਿਧਾਨਸਭਾ ਸੀਟਾਂ ਬਸਪਾ ਨੂੰ ਦੇ ਦਿੱਤੀਆਂ ਹਨ। ਇਸ ਦਾ ਕੀ ਮਤਲਬ ਹੈ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿਉਂਕਿ ਬਸਪਾ ਪੰਜਾਬ ਦੇ ਦਲਿਤ ਭਾਈਚਾਰੇ ਦੀ ਨੁਮਾਇੰਦਗੀ ਕਰਦੀ ਹੈ ਅਤੇ ਜੇਕਰ ਬਸਪਾ ਦਾ ਕੋਈ ਉਮੀਦਵਾਰ ਇਹਨਾਂ ਸੀਟਾਂ ਤੋਂ ਚੋਣ ਲੜੇਗਾ ਤਾਂ ਇਹਨਾ ਸੀਟਾਂ ਦੀ ਪਵਿੱਤਰਤਾ ਕਿਸ ਤਰ੍ਹਾਂ ਭੰਗ ਹੋ ਜਾਵੇਗੀ? ਇਹ ਸਵਾਲ ਅੱਜ ਪੰਜਾਬ ਦਾ ਹਰ ਦਲਿਤ ਭਾਈਚਾਰੇ ਨਾਲ ਸਬੰਧਤ ਵਿਅਕਤੀ ਰਵਨੀਤ ਬਿੱਟੂ ਅਤੇ ਕਾਂਗਰਸ ਪਾਰਟੀ ਤੋਂ ਪੁੱਛਣਾ ਚਾਹੁੰਦਾ ਹੈ। ਸੁਰਿੰਦਰ ਢੰਡਾ ਨੇ ਬਹੁਤ ਹੀ ਤਲਖ ਲਹਿਜੇ ਵਿਚ ਰਾਸ਼ਟਰੀ ਐਸ.ਸੀ. ਕਮੀਸ਼ਨ ਤੋਂ ਮੰਗ ਕੀਤੀ ਕਿ ਰਵਨੀਤ ਬਿੱਟੂ ਦੇ ਖਿਲਾਫ ਐਸ.ਸੀ./ਐਸ.ਟੀ. ਐਕਟ ਅਧੀਨ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਉਸਨੇ ਦਲਿਤ ਭਾਈਚਾਰੇ ਦਾ ਅਪਮਾਨ ਕੀਤਾ ਹੈ। ਉਹਨਾਂ ਚੇਤਾਵਨੀ ਵੀ ਦਿੱਤੀ ਕਿ ਜੇਕਰ ਰਵਨੀਤ ਬਿੱਟੂ ਖਿਲਾਫ ਕਾਰਵਾਈ ਨਾ ਹੋਈ ਤਾਂ ਅੰਬੇਡਕਰ ਸੈਨਾ ਪੰਜਾਬ ਇਸ ਘਟੀਆ ਬਿਆਨਬਾਜੀ ਦੇ ਰੋਸ ਵਜੋਂ ਸੂਬੇ ਭਰ ਵਿਚ ਤਿੱਖਾ ਅੰਦੋਲਨ ਕਰੇਗੀ। ਉਹਨਾਂ ਕਾਂਗਰਸ ਪਾਰਟੀ ਤੋਂ ਵੀ ਰਵਨੀਤ ਬਿੱਟੂ ਖਿਲਾਫ ਕਾਰਵਾਈ ਦੀ ਮੰਗ ਕਰਦੇ ਹੋਏ ਮਾਮਲੇ ਨੂੰ ਅਣਗੋਲਿਆ ਕਰਨ ਦੀ ਸੂਰਤ ਵਿਚ ਕਾਂਗਰਸ ਪਾਰਟੀ ਦਾ ਬਾਇਕਾਟ ਕਰਨ ਦੀ ਗੱਲ ਕਹੀ। ਇਸ ਮੌਕੇ ਕਮਲ ਲੱਖਪੁਰ, ਸੁਰਿੰਦਰ ਰਾਵਲਪਿੰਡੀ, ਰਵੀ ਕੁਮਾਰ, ਹਰਜਿੰਦਰ ਜੰਡਾਲੀ, ਸੋਨੂੰ ਬੰਗਾ ਆਦਿ ਹਾਜਰ ਸਨ।