ਫਗਵਾੜਾ 17 ਜੂਨ (ਸ਼ਿਵ ਕੋੜਾ) ਸ੍ਰੋਮਣੀ ਅਕਾਲੀ ਦਲ (ਬ) ਅਤੇ ਬਹੁਜਨ ਸਮਾਜ ਪਾਰਟੀ ਵਚਾਲੇ ਹੋਏ ਆਪਸੀ ਗਠਜੋੜ ਨੂੰ ਮਤਲਬੀ ਦੋਸਤੀ ਦਸਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਸਕੱਤਰ ਲਖਬੀਰ ਸੋਢੀ ਨੇ ਅੱਜ ਵਿਅੰਗ ਕੀਤਾ ਕਿ ਬਸਪਾ ਦਾ ਹਾਥੀ ਅਕਾਲੀਆਂ ਦੀ ਡੁਬਦੀ ਬੇੜੀ ਵਿਚ ਸਵਾਰ ਹੋਇਆ ਹੈ ਜਿਸ ਕਰਕੇ ਦੋਵਾਂ ਦਾ ਡੁੱਬਣਾ ਯਕੀਨੀ ਹੈ। ਉਹਨਾਂ ਕਿਹਾ ਕਿ ਬਾਦਲ ਅਕਾਲੀ ਦਲ ਸੂਬੇ ‘ਚ ਸਿਆਸੀ ਜਮੀਨ ਗੁਆ ਚੁੱਕਾ ਹੈ ਅਤੇ ਬਸਪਾ ਨੂੰ ਵੀ ਖੜੇ ਹੋਣ ਲਈ ਕਿਸੇ ਸਹਾਰੇ ਦੀ ਜਰੂਰਤ ਸੀ। ਇਸ ਲਈ ਆਪੋ ਆਪਣੀ ਵਿਚਾਰਧਾਰਾ ਨੂੰ ਬੰਨੇ ਰੱਖ ਕੇ ਗਠਜੋੜ ਕੀਤਾ ਗਿਆ ਹੈ ਪਰ ਸੂਬੇ ਦੇ ਲੋਕ ਇਸ ਗਠਜੋੜ ਨੂੰ ਸਵੀਕਾਰ ਨਹੀਂ ਕਰਨਗੇ। ਕਿਉਂਕਿ ਪੰਜਾਬ ਗੁਰੂਆਂ ਦੀ ਧਰਤੀ ਹੈ ਜਿਹਨਾਂ ਜਾਤੀ ਅਤੇ ਧਰਮ ਦੇ ਭੇਦ ਨੂੰ ਖਤਮ ਕਰਨ ਦਾ ਉਪਰਾਲਾ ਕੀਤਾ। ਜਦਕਿ ਇਹ ਦੋਵੇਂ ਪਾਰਟੀਆਂ ਜਾਤੀ ਅਤੇ ਧਰਮ ਦੀ ਰਾਜਨੀਤੀ ਕਰਦੀਆਂ ਹਨ। ਉਹਨਾਂ ਕਿਹਾ ਕਿ ਭਾਜਪਾ ਅੱਜ ਤਕ ਪੰਜਾਬ ਵਿਚ ਆਪਣੇ ਜੋਰ ਤੇ ਇਸੇ ਲਈ ਖੜੀ ਨਹੀਂ ਹੋ ਸਕੀ ਕਿਉਂਕਿ ਉਸਦੀ ਵਿਚਾਰਧਾਰਾ ਵੀ ਧਰਮ ਦੀ ਰਾਜਨੀਤੀ ਨਾਲ ਪ੍ਰੇਰਿਤ ਹੈ। ਲਖਬੀਰ ਸੋਢੀ ਨੇ ਕਿਹਾ ਕਿ ਅਕਾਲੀਆਂ ਦੇ ਰਾਜ ਵਿਚ ਜੋ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਉਸਨੂੰ ਲੈ ਕੇ ਅੱਜ ਵੀ ਸੰਗਤਾਂ ‘ਚ ਭਾਰੀ ਰੋਸ ਹੈ। ਜਦਕਿ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਬੇਅਦਬੀ ਅਤੇ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਹਰ ਹਾਲ ਵਿਚ ਸਜਾ ਮਿਲੇਗੀ ਤੇ ਕਾਂਗਰਸ ਦੀ ਸੂਬਾ ਸਰਕਾਰ ਇਸ ਵਾਅਦੇ ਨੂੰ ਪੂਰਾ ਵੀ ਕਰੇਗੀ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਕਾਲੇ ਖੇਤੀ ਕਾਨੂੰਨ ਬਣਾ ਕੇ ਕਿਸਾਨਾ ਨਾਲ ਧੋਖਾ ਕੀਤਾ ਜਿਸ ਕਰਕੇ ਸੁਖਬੀਰ ਬਾਦਲ ਨੂੰ ਪਤਾ ਹੈ ਕਿ ਭਾਜਪਾ ਦਾ ਸਾਥ ਅਕਾਲੀ ਦਲ ਨੂੰ ਬਿਲਕੁਲ ਹੀ ਖਤਮ ਕਰ ਦੇਵੇਗਾ ਅਤੇ ਜੇਕਰ ਪੰਜਾਬ ਵਿਚ ਇੱਕਲੇ ਚੋਣ ਲੜੇ ਤਾਂ ਹਰ ਸੀਟ ਤੇ ਜਮਾਨਤ ਜਬਤ ਹੋਵੇਗੀ ਇਸੇ ਲਈ ਬਸਪਾ ਨਾਲ ਸਮਝੌਤਾ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਪੰਜਾਬ ਦੇ ਹੱਕਾਂ ਤੇ ਪਹਿਰਾ ਦਿੱਤਾ ਹੈ। ਕਾਲੇ ਖੇਤੀ ਕਾਨੂੰਨਾਂ ਖਿਲਾਫ ਵਿਧਾਨਸਬਾ ਵਿਚ ਮਤਾ ਪਾਸ ਕਰਕੇ ਕਿਸਾਨਾ ਨਾਲ ਵੀ ਇਕਜੁਟਤਾ ਦਾ ਪ੍ਰਗਟਾਵਾ ਕੀਤਾ। ਉਹਨਾਂ ਦਾਅਵਾ ਕੀਤਾ ਕਿ ਅਗਲੇ ਸਾਲ ਪੰਜਾਬ ਵਿਧਾਨਸਭਾ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਇਕ ਵਾਰ ਫਿਰ ਸੱਤਾ ਵਿਚ ਸ਼ਾਨਦਾਰ ਵਾਪਸੀ ਕਰੇਗੀ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਪੰਜਾਬ ਨੂੰ ਤਰੱਕੀ ਦੀਆਂ ਨਵੀਂਆਂ ਲੀਹਾਂ ਤੇ ਪਾਇਆ ਜਾਵੇਗਾ।