ਫਗਵਾੜਾ 23 ਜੂਨ (ਸ਼ਿਵ ਕੋੜਾ) ਭਾਰਤੀ ਕਿਸਾਨ ਯੂਨੀਅਨ (ਦੋਆਬਾ) ਫਗਵਾੜਾ ਵਲੋਂ ਕਿਸਾਨ ਜੱਥੇਬੰਦੀਆਂ ਦੇ ਨਾਲ ਅੱਜ ਬੰਗਾ ਰੋਡ ਸਥਿਤ ਮੇਨ ਪਾਵਰ ਹਾਉਸ ਦੇ ਬਾਹਰ ਧਰਨਾ ਲਾਇਆ ਗਿਆ। ਖੇਤਾਂ ‘ਚ ਮੋਟਰ ਕੁਨੈਕਸ਼ਨ ਲਈ ਅੱਠ ਘੰਟੇ ਰੈਗੁਲਰ ਬਿਜਲੀ ਸਪਲਾਈ ਨਾ ਮਿਲਣ ਦੇ ਰੋਸ ਵਜੋਂ ਲਗਾਏ ਇਸ ਰੋਸ ਧਰਨੇ ‘ਚ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਸੂਬੇ ਦੇ ਸਾਬਕਾ ਕੈਬਿਨੇਟ ਮੰਤਰੀ ਜੋਗਿੰਦਰ ਸਿੰਘ ਮਾਨ ਤੋਂ ਇਲਾਵਾ ਬਲਾਕ ਕਾਂਗਰਸ ਫਗਵਾੜਾ ਦਿਹਾਤੀ ਦੇ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਜਿਲ੍ਹਾ ਕੋਆਰਡੀਨੇਟਰ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਕਿ੍ਰਪਾਲ ਸਿੰਘ ਮੂਸਾਪੁਰ, ਕੁਲਦੀਪ ਸਿੰਘ ਰਾਏਪੁਰ, ਬਲਜੀਤ ਸਿੰਘ ਹਰਦਾਸਪੁਰ ਅਤੇ ਹੋਰਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਖੇਤੀਬਾੜੀ ਵਾਸਤੇ ਮੋਟਰ ਟਿਊਬਵੈਲ ਕੁਨੈਕਸ਼ਨ ਲਈ 8 ਘੰਟੇ ਰੈਗੁਲਰ ਬਿਜਲੀ ਦੀ ਸਪਲਾਈ ਦਿੱਤੀ ਜਾਵੇਗੀ ਪਰ ਖੇਤੀਬਾੜੀ ਵਾਸਤੇ ਸਿਰਫ ਪੰਜ ਘੰਟੇ ਹੀ ਬਿਜਲੀ ਦੀ ਸਪਲਾਈ ਦਿੱਤੀ ਜਾ ਰਹੀ ਹੈ ਅਤੇ ਬਿਜਲੀ ਦੇ ਬਹੁਤ ਜਿਆਦਾ ਕੱਟ ਲਗਾਏ ਜਾ ਰਹੇ ਹਨ ਜਿਸ ਨਾਲ ਝੋਨੇ ਦੀ ਬਿਜਾਈ ਦੇ ਸੀਜਨ ‘ਚ ਕਿਸਾਨਾ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੌਕੇ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਕਿਸਾਨਾ ਦੀ ਬਿਜਲੀ ਸਬੰਧੀ ਮੁਸ਼ਕਲ ਨੂੰ ਪਹਿਲ ਦੇ ਅਧਾਰ ਤੇ ਹਲ ਕੀਤਾ ਜਾਣਾ ਚਾਹੀਦਾ ਹੈ। ਜੋਗਿੰਦਰ ਸਿੰਘ ਮਾਨ ਅਤੇ ਕਿਸਾਨ ਆਗੂਆਂ ਨੇ ਬਿਜਲੀ ਦੀ ਸਪਲਾਈ ਨੂੰ ਰੈਗੁਲਰ ਕਰਨ ਦੀ ਮੰਗ ਸਬੰਧੀ ਬਿਜਲੀ ਬੋਰਡ ਦੇ ਐਕਸ.ਈ.ਐਨ. ਦੇ ਨਾਮ ਇਕ ਮੰਗ ਪੱਤਰ ਵੀ ਦਿੱਤਾ। ਇਸ ਮੌਕੇ ਕਾਂਗਰਸੀ ਆਗੂ ਸਤਬੀਰ ਸਿੰਘ ਸਾਬੀ ਵਾਲੀਆ, ਜਸਵੀਰ ਸਿੰਘ ਭੁੱਲਾਰਾਈ, ਗੁਰਪਾਲ ਸਿੰਘ ਮੌਲੀ, ਬਲਵੀਰ ਸਿੰਘ, ਸੁਖਵਿੰਦਰ ਸਿੰਘ ਸ਼ੇਰਗਿਲ ਆਦਿ ਤੋਂ ਇਲਾਵਾ ਹਰਵਿੰਦਰ ਸਿੰਘ ਮਾਨਾਵਾਲੀ, ਹਰਭਜਮ ਸਿੰਘ ਬਾਜਵਾ, ਰਣਜੀਤ ਸਿੰਘ ਖੇੜਾ, ਸਨੀ ਵਾਹਦ, ਬਿੰਦਰ ਨੰਗਲ, ਹਰਦੇਵ ਸਿੰਘ ਜਗਤਪੁਰ ਜੱਟਾਂ, ਹਰਵਿੰਦਰ ਸਿੰਘ ਨੰਗਲ ਮੱਝਾ, ਮਨਜਿੰਦਰ ਸਿੰਘ ਜਗਤਪੁਰ ਜੱਟਾਂ ਆਦਿ ਮੌਜੂਦ ਸਨ।