ਜਲੰਧਰ (28-06-2021) : ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੇ ਦੂਜੇ ਦਿਨ ਸੋਮਵਾਰ ਨੂੰ ਪਲਸ ਪੋਲੀਓ ਟੀਮਾਂ ਵੱਲੋਂ 0 ਤੋਂ 5
ਸਾਲ ਤੱਕ ਦੇ 14268 ਬੱਚਿਆਂ ਨੂੰ ਪੋਲਿਓ ਰੋਧਕ ਬੂੰਦਾਂ ਪਿਲਾਈਆਂ ਗਈਆਂ। ਮੁਹਿੰਮ ਦੇ ਦੂਜੇ ਦਿਨ ਸਟੇਟ ਹੈਡ ਕਵਾਰਟਰ ਤੋਂ ਡਾ.
ਬਲਵਿੰਦਰ ਕੌਰ ਸਟੇਟ ਇੰਮਯੂਨਾਈਜੇਸ਼ਨ ਅਫ਼ਸਰ ਵੱਲੋਂ ਵਿਸ਼ੇਸ਼ ਤੌਰ ਤੇ ਪਲਸ ਪੋਲੀਓ ਮੁਹਿੰਮ ਦਾ ਜਾਇਜਾ ਲਿਆ ਗਿਆ। ਉਨ੍ਹਾਂ
ਵੱਲੋਂ ਮਾਤਾ ਸੰਤ ਕੌਰ ਮਾਰਗ ਕਪੂਰਥਲਾ ਰੋਡ ਅਤੇ ਗੌਤਮ ਨਗਰ ਅਤੇ ਹੋਰ ਖੇਤਰਾਂ ਦਾ ਵੀ ਦੌਰਾ ਕੀਤਾ ਗਿਆ। ਉਨ੍ਹਾਂ ਵਲੋਂ ਟੀਮਾਂ
ਦੁਆਰਾ ਕੀਤੇ ਜਾ ਰਹੇ ਕੰਮ-ਕਾਜ ਤੇ ਤਸੱਲੀ ਪ੍ਰਗਟਾਈ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਮੈਡੀਕਲ ਅਫਸਰ ਡਾ. ਰੋਮਾਨਾ ਅਤੇ
ਅਰਬਨ ਕੋਆਰਡੀਨੇਟਰ ਡਾ. ਸੁਰਭੀ ਵੀ ਮੌਜੂਦ ਸਨ।
ਸਿਵਲ ਸਰਜਨ ਜਲੰਧਰ ਡਾ. ਬਲਵੰਤ ਸਿੰਘ ਵਲੋਂ ਮੁਹਿੰਮ ਦੇ ਦੂਜੇ ਦਿਨ ਦੀ ਗਤੀਵਿਧੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ
ਕਿ ਪੋਲਿਓ ਟੀਮਾਂ ਦੁਆਰਾ 28677 ਘਰਾਂ ਨੂੰ ਕਵਰ ਕਰਦਿਆਂ 0 ਤੋਂ 5 ਸਾਲ ਤੱਕ ਦੀ ਉਮਰ ਦੇ ਪੇਂਡੂ ਖੇਤਰ ਦੇ 8095 ਬੱਚਿਆਂ
ਅਤੇ ਸ਼ਹਿਰੀ ਖੇਤਰ ਦੇ 6173 ਬੱਚਿਆਂ ਨੂੰ ਪੋਲੀਓ ਰੋਧਕ ਬੂੰਦਾ ਪਿਲਾਈਆਂ ਗਈਆਂ। ਦੂਜੇ ਦਿਨ ਕੁਲ 14268 ਬੱਚਿਆਂ ਨੂੰ
ਪੋਲੀਓ ਬਿਮਾਰੀ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਪੋਲੀਓ ਰੋਧਕ ਬੂੰਦਾ ਪਿਲਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਪੋਲੀਓ ਮੁਹਿੰਮ
ਦੌਰਾਨ ਦੋ ਦਿਨਾਂ 'ਚ ਕੁਲ 33012 ਬੱਚਿਆਂ ਨੂੰ ਪੋਲੀਓ ਬੂੰਦਾ ਪਿਲਾਈਆਂ ਜਾ ਚੁੱਕੀਆਂ ਹਨ। ਉਨ੍ਹਾ ਕਿਹਾ ਕਿ ਜਿਲ੍ਹੇ ਵਿੱਚ ਪੋਲੀਓ
ਮੁਹਿੰਮ ਦੀ ਸਫਲਤਾ ਲਈ ਕੁੱਲ 426 ਟੀਮਾਂ ਦਾ ਗਠਨ ਕੀਤਾ ਗਿਆ ਹੈ। ਜਿਨ੍ਹਾਂ ਵਿਚੋਂ 245 ਟੀਮਾਂ ਪੇਂਡੂ ਖੇਤਰ ਅਤੇ 181 ਸ਼ਹਿਰੀ
ਖੇਤਰ ਵਿੱਚ ਤੈਨਾਤ ਹਨ। ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨਾਂ 'ਤੇ ਬੱਚਿਆਂ ਨੂੰ ਬੂੰਦਾ ਪਿਲਾਉਣ ਲਈ ਵਿਸ਼ੇਸ਼ ਟੀਮਾਂ ਲਗਾਈਆਂ
ਗਈਆਂ ਹਨ।
ਸਿਵਲ ਸਰਜਨ ਨੇ ਕਿਹਾ ਕਿ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੇ ਪਹਿਲੇ ਦੋ ਦਿਨਾਂ ਦੌਰਾਨ ਕਿਸੇ ਕਾਰਨ ਪੋਲੀਓ ਬੂੰਦਾ ਪੀਣ ਤੋਂ
ਵਾਂਝੇ ਰਹਿ ਗਏ ਬੱਚਿਆਂ ਨੂੰ ਪੋਲੀਓ ਵੈਕਸੀਨੇਸ਼ਨ ਟੀਮਾਂ ਵੱਲੋਂ ਤੀਜੇ ਦਿਨ 29 ਜੂਨ ਨੂੰ ਵੀ ਘਰ-ਘਰ ਜਾ ਕੇ ਪੋਲੀਓ ਬੂੰਦਾਂ
ਪਿਲਾਈਆਂ ਜਾਣਗੀਆਂ ਤਾਂ ਜੋ ਕੋਈ ਵੀ ਬੱਚਾ ਪੋਲੀਓ ਜਿਹੀ ਨਾਮੁਰਾਦ ਬੀਮਾਰੀ ਤੋਂ ਪੀੜਤ ਨਾ ਹੋਵੇ।