ਫਗਵਾੜਾ 10 ਜੁਲਾਈ (ਸ਼ਿਵ ਕੋੜਾ) ਲਘੂ ਉਦਯੋਗ ਭਾਰਤੀ ਦਾ ਇਕ ਵਫਦ ਸੰਸਥਾ ਦੇ ਪ੍ਰਧਾਨ ਅਨਿਲ ਸਿੰਗਲਾ ਦੀ ਅਗਵਾਈ ਹੇਠ ਪੰਜਾਬ ਦੇ ਇੰਡਸਟ੍ਰੀ ਐਂਡ ਕਾਮਰਸ ਵਿਭਾਗ ਦੇ ਕੈਬਿਨੇਟ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਮਿਲਿਆ ਅਤੇ ਪੰਜਾਬ ਸਰਕਾਰ ਵਲੋਂ ਲਘੂ ਉਦਯੋਗਾਂ ਉਪਰ ਬਿਜਲੀ ਦੇ ਲੋਡ ਦੀ 10 ਫੀਸਦੀ ਵਰਤੋਂ ਸਬੰਧੀ ਲਗਾਈ ਪਾਬੰਦੀ ਨਾਲ ਪੇਸ਼ ਆ ਰਹੀ ਮੁਸ਼ਕਲ ਬਾਰੇ ਜਾਣੂ ਕਰਵਾਉਂਦੇ ਹੋਏ ਕੋਵਿਡ ਮਹਾਮਾਰੀ ‘ਚ ਸਮਾਲ ਸਕੇਲ ਇੰਡਸਟਰੀ ਨੂੰ ਹੋ ਰਹੇ ਨੁਕਸਾਨ ਨੂੰ ਮੱਦੇਨਜ਼ਰ ਰੱਖਦੇ ਹੋਏ ਰਾਹਤ ਦੇਣ ਦੀ ਅਪੀਲ ਕੀਤੀ। ਅਨਿਲ ਸਿੰਗਲਾ ਅਨੁਸਾਰ ਕੈਬਿਨੇਟ ਮੰਤਰੀ ਨੇ ਉਹਨਾਂ ਨੂੰ ਦੱਸਿਆ ਕਿ ਅੱਜ ਸ਼ਾਮ ਨੂੰ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਉਹਨਾਂ ਦੀ ਮੀਟਿੰਗ ਹੈ ਜਿਸ ਵਿਚ ਉਹ ਮੁੱਦਾ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਉਣਗੇ। ਕੈਬਿਨੇਟ ਮੰਤਰੀ ਨੇ 10 ਫੀਸਦੀ ਲੋਡ ਨੂੰ ਵਧਾ ਕੇ 30 ਤੋਂ 40 ਫੀਸਦੀ ਕਰਨ ਅਤੇ ਸੋਮਵਾਰ ਤਕ ਕੋਈ ਨਾ ਕੋਈ ਰਾਹਤ ਦੇਣ ਦਾ ਭਰੋਸਾ ਦਿੱਤਾ। ਕੈਬਿਨੇਟ ਮੰਤਰੀ ਨੇ ਨਾਲ ਹੀ ਕਿਹਾ ਕਿ ਤਲਵੰਡੀ ਸਾਬੋ ਦਾ ਥਰਮਲ ਪਲਾਂਟ ਅਗਲੇ 48 ਘੰਟੇ ਵਿਚ ਚਾਲੂ ਹੋਣ ਦੀ ਉਮੀਦ ਹੈ। ਜੇਕਰ ਇਹ ਪਲਾਂਟ ਚਾਲੂ ਹੋ ਗਿਆ ਤਾਂ ਵੀ ਸਮੱਸਿਆ ਦਾ ਹਲ ਹੋ ਜਾਵੇਗਾ। ਇਸ ਮੌਕੇ ਲਘੂ ਉਦਯੋਗ ਭਾਰਤੀ ਦੇ ਸਕੱਤਰ ਗੌਰਵ ਹਾਂਡਾ, ਮੁਖਿੰਦਰ ਸਿੰਘ, ਅਸ਼ੋਕ ਸੇਠੀ, ਅਸ਼ੋਕ ਗੁਪਤਾ, ਮੈਡਮ ਨਰਿੰਦਰ ਸੱਗੂ, ਦੀਪਕ ਕੋਹਲੀ, ਚੇਤਨ ਗੁਪਤਾ, ਓਮ ਉੱਪਲ ਆਦਿ ਹਾਜਰ ਸਨ।